ਕੇਦਾਰਨਾਥ: ਹੈਲੀਕਾਪਟਰ ਹਾਦਸੇ ’ਚ 6 ਸ਼ਰਧਾਲੂ ਤੇ ਪਾਇਲਟ ਹਲਾਕ

[ad_1]
ਰੁਦਰਪ੍ਰਯਾਗ (ਉੱਤਰਾਖੰਡ), 18 ਅਕਤੂਬਰ
ਮੁੱਖ ਅੰਸ਼
- ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ
ਸ਼ਰਧਾਲੂਆਂ ਨੂੰ ਕੇਦਾਰਨਾਥ ਮੰਦਰ ਤੋਂ ਗੁਪਤਕਾਸ਼ੀ ਲਿਜਾ ਰਿਹਾ ਨਿੱਜੀ ਹੈਲੀਕਾਪਟਰ ਖਰਾਬ ਮੌਸਮ ਤੇ ਸਾਫ਼ ਨਜ਼ਰ ਨਾ ਆਉਣ ਕਰਕੇ ਅੱਜ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਹੈਲੀਕਾਪਟਰ ’ਚ ਸਵਾਰ 6 ਸ਼ਰਧਾਲੂਆਂ ਤੇ ਪਾਇਲਟ ਦੀ ਥਾਏਂ ਮੌਤ ਹੋ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਦਰਦਨਾਕ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਦੁੱਖ ਜ਼ਾਹਿਰ ਕਰਦਿਆਂ ਹਾਦਸੇ ਦੀ ਵਿਆਪਕ ਜਾਂਚ ਦੇ ਹੁਕਮ ਦਿੱਤੇ ਹਨ। ਰੁਦਰਪ੍ਰਯਾਗ ਜ਼ਿਲ੍ਹੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਨੇ ਕਿਹਾ ਕਿ ਆਰੀਅਨ ਏਵੀਸ਼ਨ ਦਾ ਹੈਲੀਕਾਪਟਰ ਬੈੱਲ 407(ਵੀਟੀ-ਆਰਪੀਐੱਨ) ਸਵੇਰੇ ਪੌਣੇ ਬਾਰ੍ਹਾਂ ਵਜੇ ਦੇ ਕਰੀਬ ਗਰੁੜ ਚਾਟੀ ਵਿੱਚ ਦੇਵ ਦਰਸ਼ਿਨੀ ਕੋਲ ਹਾਦਸਾਗ੍ਰਸਤ ਹੋ ਗਿਆ ਤੇ ਇਸ ਨੂੰ ਅੱਗ ਲੱਗ ਗਈ। ਕੌਮੀ ਆਫ਼ਤ ਰਿਸਪੌਂਸ ਫੋਰਸ ਦੀਆਂ ਟੀਮਾਂ, ਉੱਤਰਾਖੰਡ ਤੇ ਦਿੱਲੀ ਦੀਆਂ ਆਫ਼ਤ ਰਿਸਪੌਂਸ ਬਲਾਂ ਅਤੇ ਪੁਲੀਸ ਨੇ ਲਾਸ਼ਾਂ ਕੇਦਾਰਨਾਥ ਹੈਲੀਪੈਡ ਲਿਆਂਦੀਆਂ। ਰੁਦਰਪ੍ਰਯਾਗ ਆਫ਼ਤ ਪ੍ਰਬੰਧਨ ਦਫ਼ਤਰ ਨੇ ਪੀੜਤ ਸ਼ਰਧਾਲੂਆਂ ਦੀ ਪਛਾਣ ਗੁਜਰਾਤ ਦੇ ਪੂਰਵਾ ਰਾਮਅਨੁਜ(26), ਕ੍ਰਿਤੀ (30) ਤੇ ਉਰਵੀ (25) ਅਤੇ ਤਾਮਿਲ ਨਾਡੂ ਦੇ ਸੁਜਾਤਾ (56), ਪ੍ਰੇਮ ਕੁਮਾਰ ਤੇ ਕਾਲਾ (60) ਵਜੋਂ ਦੱਸੀ ਹੈ। ਪਾਇਲਟ ਅਨਿਲ ਸਿੰਘ (57) ਮਹਾਰਾਸ਼ਟਰ ਨਾਲ ਸਬੰਧਤ ਦੱਸਿਆ ਜਾਂਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਕੇਦਾਰਨਾਥ ਧਾਮ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਪਾਇਲਟ ਸਮੇਤ ਕਈ ਸ਼ਰਧਾਲੂਆਂ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਹਾਦਸੇ ਵਿੱਚ ਆਪਣੇ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਡੂੰਘੀਆਂ ਸ਼ੋਕ ਸੰਵੇਦਨਾਵਾਂ ਜ਼ਾਹਰ ਕਰਦੀ ਹਾਂ।’’ ਉਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਸ੍ਰੀ ਮੋਦੀ ਦੇ ਹਵਾਲੇ ਨਾਲ ਕੀਤੇ ਟਵੀਟ ਵਿੱਚ ਕਿਹਾ, ‘‘ਉੱਤਰਾਖੰਡ ਵਿੱਚ ਹੈਲੀਕਾਪਟਰ ਹਾਦਸੇ ਦਾ ਵੱਡਾ ਦੁਖ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਨਾਲ ਹਨ।’’ ਉਧਰ ਸਿੰਧੀਆ ਨੇ ਲਿਖਿਆ, ‘‘ਦਰਦਨਾਕ ਹਾਦਸੇ ਵਿਚ ਗਈਆਂ ਜਾਨਾਂ ਤੋਂ ਉਦਾਸ ਹਾਂ। ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਨਾਲ ਹਨ। ਪਰਮਾਤਮਾ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।’’ ਇਸੇ ਦੌਰਾਨ ਗੁਜਰਾਤ ਸਰਕਾਰ ਵੱਲੋਂ ਸੂਬੇ ਨਾਲ ਸਬੰਧਤ ਤਿੰਨ ਮਿ੍ਰਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ
ਏਏਆਈਬੀ ਤੇ ਡੀਜੀਸੀਏ ਟੀਮਾਂ ਕਰਨਗੀਆਂ ਹਾਦਸੇ ਦੀ ਜਾਂਚ
ਨਵੀਂ ਦਿੱਲੀ: ਜਹਾਜ਼ ਹਾਦਸਾ ਜਾਂਚ ਬਿਊਰੋ (ੲੇਏਆਈਬੀ) ਤੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੀਆਂ ਟੀਮਾਂ ਵੱਲੋਂ ਕੇਦਾਰਨਾਥ ਨੇੜੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਹੈਲੀਕਾਪਟਰ ਉਡਾਉਣ ਵਾਲੀ ਨਿੱਜੀ ਕੰਪਨੀ ਆਰੀਅਨ ਏਵੀੲੇਸ਼ਨ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਡੀਜੀਸੀਏ ਨੇ ਅਜੇ ਪਿੱਛੇ ਜਿਹੇ ਕੁਝ ਉਲੰਘਣਾਵਾਂ ਦੇ ਦੋਸ਼ ਵਿੱਚ ਕੰਪਨੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। -ਪੀਟੀਆਈ
[ad_2]
-
Previous ਮਾਨਸਾ: ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਦਾ ਜੁਡੀਸ਼ਲ ਤੇ ਜਗਤਾਰ ਸਿੰਘ ਮੂਸਾ ਦਾ ਪੁਲੀਸ ਰਿਮਾਂਡ
-
Next ਯੂਕਰੇਨ: ਰੂਸੀ ਡਰੋਨਾਂ ਨੇ ਬਿਜਲੀ-ਪਾਣੀ ਦੀ ਸਪਲਾਈ ਨੂੰ ਮੁੜ ਬਣਾਇਆ ਨਿਸ਼ਾਨਾ