ਡਾਲਰ ਦੇ ਮੁਕਾਬਲੇ ਮੂਧੇ ਮੂੰਹ ਡਿੱਗਿਆ ਰੁਪਿਆ

[ad_1]
ਮੁੁੰਬਈ, 20 ਅਕਤੂਬਰ
ਡਾਲਰ ਦੇ ਮੁਕਾਬਲੇ ਰੁਪਿਆ ਅੱਜ 83.29 ਦੇ ਰਿਕਾਰਡ ਹੇਠਲੇ ਪੱਧਰ ਨੂੰ ਪੁੱਜ ਗਿਆ, ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਖ਼ਲ ਮਗਰੋਂ ਇਹ ਕੁਝ ਸੰਭਲਿਆ ਤੇ ਅਖੀਰ ਦਿਨ ਭਰ ਦੇ ਕਾਰੋਬਾਰ ਮਗਰੋਂ 25 ਪੈਸੇ ਦੇ ਵਾਧੇ ਨਾਲ 82.75 ਦੇ ਪੱਧਰ ’ਤੇ ਬੰਦ ਹੋਇਆ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਰੁਪਏ ਵਿੱਚ ਮੁਨਾਫ਼ੇ ਨੂੰ ਹਾਲਾਂਕਿ ਕੁਝ ਬ੍ਰੇਕਾਂ ਲੱਗੀਆਂ। ਅੰਤਰਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ਵਿੱਚ ਅੱਜ ਰੁਪਿਆ 83.05 ਦੇ ਪੱਧਰ ’ਤੇ ਖੁੱਲ੍ਹਿਆ ਸੀ। ਇਸ ਦੌਰਾਨ ਮੁਕਾਮੀ ਕਰੰਸੀ 83.29 ਨਾਲ ਰਿਕਾਰਡ ਹੇਠਲੇ ਪੱਧਰ ਤੇ 82.72 ਨਾਲ ਸਿਖਰਲੇ ਪੱਧਰ ’ਤੇ ਵੀ ਗਈ। ਆਖਿਰ ਨੂੰ ਆਰਬੀਆਈ ਦੇ ਦਖ਼ਲ ਨਾਲ ਰੁਪਿਆ 25 ਪੈਸੇ ਦੀ ਮਜ਼ਬੂਤੀ ਨਾਲ 82.75 ਦੇ ਪੱਧਰ ’ਤੇ ਬੰਦ ਹੋਇਆ। ਰੁਪਏ ਦੀ ਮਜ਼ਬੂਤੀ ਦਾ ਅਸਰ ਸ਼ੇਅਰ ਬਾਜ਼ਾਰ ਵਿੱਚ ਵੀ ਨਜ਼ਰ ਆਇਆ, ਜਿੱਥੇ 30 ਸ਼ੇਅਰਾਂ ਵਾਲਾ ਬੀਐੱਸਈ ਦਾ ਸੈਂਸੈਕਸ 95.71 ਨੁਕਤਿਆਂ ਦੇ ਵਾਧੇ ਨਾਲ 59,202.90 ’ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 51.70 ਨੁਕਤਿਆਂ ਦੇ ਇਜ਼ਾਫੇ ਨਾਲ 17,563.95 ਨੂੰ ਪੁੱਜ ਗਿਆ। -ਪੀਟੀਆਈ
ਰੁਪਏ ਦਾ ਡਿੱਗਣਾ ਅਰਥਚਾਰੇ ਲਈ ਖ਼ਤਰਨਾਕ: ਖੜਗੇ
ਨਵੀਂ ਦਿੱਲੀ: ਕਾਂਗਰਸ ਦੇ ਮਨੋਨੀਤ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਡਾਲਰ ਮੁਕਾਬਲੇ ਰੁਪਏ ਦੇ ਰਿਕਾਰਡ ਨਿਵਾਣ ਨੂੰ ਛੂਹਣਾ ਭਾਰਤ ਦੇ ਅਰਥਚਾਰੇ ਲਈ ‘ਬਹੁਤ ਖ਼ਤਰਨਾਕ’ ਸਾਬਤ ਹੋ ਸਕਦਾ ਹੈ। ਖੜਗੇ ਨੇ ਹਿੰਦੀ ਵਿੱਚ ਟਵੀਟ ਕੀਤਾ, ‘‘ਕੇਂਦਰੀ ਵਿੱਤ ਮੰਤਰੀ ਨੇ ਕਿਹਾ ਸੀ ਕਿ ਰੁਪਿਆ ਕਮਜ਼ੋਰ ਨਹੀਂ ਹੋਇਆ, ਡਾਲਰ ਮਜ਼ਬੂਤ ਹੋ ਰਿਹਾ ਹੈ। ਮਹਿਜ਼ ਬਿਆਨਬਾਜ਼ੀ ਕੰਮ ਨਹੀਂ ਆਏਗੀ। ਕੇਂਦਰ ਸਰਕਾਰ ਨੂੰ ਜਲਦੀ ਠੋਸ ਕਦਮ ਚੁੱਕਣੇ ਹੋਣਗੇ।’’ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਚੋਣ ਮੋਡ ਵਿੱਚ ਰਹਿੰਦੀ ਹੈ ਤੇ ਆਰਥਿਕ ਮਸਲਿਆਂ ਵੱਲ ਉਸ ਦਾ ਕੋਈ ਧਿਆਨ ਨਹੀਂ ਹੈ। ਕਾਂਗਰਸ ਆਗੂ ਅੰਸ਼ੁਲ ਅਵਿਜੀਤ ਨੇ ਕਿਹਾ ਕਿ ਮੋਦੀ ਸਰਕਾਰ ਮੈਕਰੋ ਇਕਨਾਮਿਕ ਪ੍ਰਬੰਧਨ ਬਾਰੇ ਬਿਲਕੁਲ ਕੋਰੀ ਹੈ ਤੇ ਉਨ੍ਹਾਂ ਨੂੰ ਡਰ ਹੈ ਕਿ ਆਰਥਿਕ ਫਰੰਟ ’ਤੇ ਅਜੇ ਇਸ ਤੋਂ ਵੀ ਮਾੜੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੇ ਲਗਾਤਾਰ ਡਿੱਗਣ ਦੇ, ਸਾਡੇ ਕਮਜ਼ੋਰ ਅਰਥਚਾਰੇ ਲਈ ਤਬਾਹਕੁਨ ਸਿੱਟੇ ਹੋ ਸਕਦੇ ਹਨ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਇਸ ਸਾਲ ਵਿੱਚ ਰੁਪਿਆ ਹੁਣ ਤੱਕ 10 ਫੀਸਦ ਤੋਂ ਵੱਧ ਡਿੱਗ ਚੁੱਕਾ ਹੈ। ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਮਈ 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਪੂਰਬਲੀ ਸੰਧਿਆ ਡਾਲਰ ਦੇ ਮੁਕਾਬਲੇ ਰੁਪਿਆ 58.4 ਰੁਪਏ ਦੇ ਪੱਧਰ ’ਤੇ ਸੀ। ਅਵਿਜੀਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ੍ਰੀ ਮੋਦੀ 20 ਅਗਸਤ, 2013 ਨੂੰ ਕਹੀ ਆਪਣੀ ਹੀ ਗੱਲ ਨੂੰ ਭੁੱਲ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਭੰਡਦਿਆਂ ਉਨ੍ਹਾਂ ਕਿਹਾ, ‘‘ਉਹ ਆਪਣੇ ਗੈਰ-ਜ਼ਿੰਮੇਵਾਰਾਨਾ ਤੇ ਬੇਤੁਕੇ ਬਿਆਨਾਂ ਨਾਲ, ਇਸ ਸੱਚਾਈ ਨੂੰ ਮੰਨਣ ਤੋਂ ਇਨਕਾਰੀ ਹਨ ਕਿ ਉਨ੍ਹਾਂ ਦੀ ਸਰਕਾਰ ਡਿੱਗਦੇ ਰੁਪਏ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਵੱਲੋਂ ਵਿਕਸਤ ਮੁਲਕਾਂ, ਜਿਨ੍ਹਾਂ ਦੀ ਆਬਾਦੀ ਬਹੁਤ ਥੋੜ੍ਹੀ ਤੇ ਪ੍ਰਤੀ ਵਿਅਕਤੀ ਜੀਡੀਪੀ ਕਿਤੇ ਵੱਧ ਹੈ, ਨਾਲ ਭਾਰਤ ਦੀ ਤੁਲਨਾ ਕਰਨਾ ਸਰਾਸਰ ਗ਼ਲਤ ਹੈ।’’ -ਪੀਟੀਆਈ
ਅਰਥਚਾਰੇ ਦਾ ਭੱਠਾ ਬਿਠਾਉਣ ਲਈ ਮੋਦੀ ਸਰਕਾਰ ਜ਼ਿੰਮੇਵਾਰ: ਲਾਲੂ
ਪਟਨਾ: ਆਰਜੇਡੀ ਦੇ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਨੇ ਡਾਲਰ ਦੇ ਮੁਕਾਬਲੇ ਰੁਪਏ ਦੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਣ ਲਈ ਨਰਿੰਦਰ ਮੋਦੀ ਸਰਕਾਰ ਨੂੰ ਭੰਡਿਆ ਹੈ। ਲਾਲੂ ਪ੍ਰਸਾਦ ਨੇ ਟਵਿੱਟਰ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਜਦੋਂ ਨੋਟਬੰਦੀ ਦੀ ਗੱਲ ਆਉਂਦੀ ਹੈ ਤਾਂ ਨਰਿੰਦਰ ਮੋਦੀ ਰਾਤੋ-ਰਾਤ ਫ਼ੈਸਲਾ ਲੈ ਲੈਂਦੇ ਹਨ। ਦੇਸ਼ ਦੇ ਅਰਥਚਾਰੇ ਦਾ ਭੱਠਾ ਬਿਠਾਉਣ ਲਈ ਨਰਿੰਦਰ ਮੋਦੀ ਸਰਕਾਰ ਜ਼ਿੰਮੇਵਾਰ ਹੈ। ਨਤੀਜੇ ਵਜੋਂ ਰੁਪਿਆ ਇਤਿਹਾਸਕ ਹੇਠਲੇ ਪੱਧਰ ਨੂੰ ਪੁੱਜ ਗਿਆ ਹੈ। ਪ੍ਰਧਾਨ ਮੰਤਰੀ ਖਾਮੋਸ਼ ਹਨ।’’ ਉਨ੍ਹਾਂ ਕਿਹਾ ਕਿ ਮੋਦੀ ਗ਼ਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ ਬਾਰੇ ਮੂੰਹ ਨਹੀਂ ਖੋਲ੍ਹਣਗੇ। -ਆਈੲੇਐੱਨਐੱਸ
[ad_2]
-
Previous ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਫ਼ੈਸਲੇ ਖ਼ਿਲਾਫ਼ ਸਿਮਰਨਜੀਤ ਸਿੰਘ ਮਾਨ ਅਦਾਲਤ ਪੁੱਜੇ
-
Next ਮਲੇਸ਼ੀਆ ਵਿੱਚ ਆਮ ਚੋਣਾਂ 19 ਨਵੰਬਰ ਨੂੰ