ਪੁਣੇ: ਪੀਐੱਫਆਈ ਵਿਰੁੱਧ ਕਾਰਵਾਈ ਦਾ ਵਿਰੋਧ ਕਰਦੇ 60 ਖ਼ਿਲਾਫ਼ ਕੇਸ

[ad_1]
ਪੁਣੇ, 24 ਸਤੰਬਰ
ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਖ਼ਿਲਾਫ਼ ਦੇਸ਼ ਪੱਧਰ ’ਤੇ ਕੀਤੀ ਜਾ ਰਹੀ ਕਾਰਵਾਈ ਅਤੇ ਇਸ ਦੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਬਿਨਾਂ ਇਜਾਜ਼ਤ ਪੁਣੇ ਵਿੱਚ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ 60 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਪੁਣੇ ਜ਼ਿਲ੍ਹਾ ਕੁਲੈਕਟਰ ਦੇ ਬਾਹਰ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਕਰ ਰਹੇ ਲੋਕਾਂ ਵਿੱਚੋਂ 41 ਨੂੰ ਹਿਰਾਸਤ ਵਿੱਚ ਲਿਆ ਹੈ। ਬੰਡਗਾਰਡਨ ਪੁਲੀਸ ਥਾਣੇ ਦੇ ਸੀਨੀਅਰ ਇੰਸਪੈਕਟਰ ਪ੍ਰਤਾਪ ਮਨਕਰ ਨੇ ਦੱਸਿਆ ਕਿ ਬਿਨਾਂ ਆਗਿਆ ਪ੍ਰਦਰਸ਼ਨ ਕਰਨ, ਗ਼ੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ ਅਤੇ ਸੜਕੀ ਆਵਾਜਾਈ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ 60 ਤੋਂ ਵੱਧ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 41 ਨੂੰ ਬੀਤੇ ਦਿਨ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਦਿਆਂ ਪ੍ਰਦਰਸ਼ਨ ਨਾ ਕਰਨ ਦੀ ਹਦਾਇਤ ਕੀਤੀ ਸੀ ਪਰ ਉਨ੍ਹਾਂ ਇਸ ਦੀ ਪਾਲਣਾ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਕੌਮੀ ਜਾਂਚ ਏਜੰਸੀ (ਏਐੱਨਆਈ) ਦੀ ਅਗਵਾਈ ਹੇਠ ਵੱਖ ਵੱਖ ਏਜੰਸੀਆਂ ਦੀਆਂ ਟੀਮਾਂ ਨੇ ਵੀਰਵਾਰ ਨੂੰ ਪੀਐੱਫਆਈ ਖ਼ਿਲਾਫ਼ ਇੱਕੋ ਵੇਲੇ 15 ਸੂਬਿਆਂ ਵਿੱਚ ਛਾਪੇ ਮਾਰ ਕੇ ਇਸ ਦੇ 106 ਨੇਤਾਵਾਂ ਅਤੇ ਵਰਕਰਾਂ ਗ੍ਰਿਫ਼ਤਾਰ ਕੀਤਾ ਸੀ। ਪੀਐੱਫਆਈ ’ਤੇ ਦੇਸ਼ ਵਿੱਚ ਕੱਟੜਵਾਦ ਨੂੰ ਉਤਸ਼ਾਹਿਤ ਕਰਨ ਅਤੇ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਦਾ ਦੋਸ਼ ਹੈ। ਏਜੰਸੀ ਅਨੁਸਾਰ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਪੀਐੱਫਆਈ ਦੇ 20-20 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ 10, ਆਸਾਮ ਵਿੱਚ 6, ਉੱਤਰ ਪ੍ਰਦੇਸ਼ ਵਿੱਚ 8, ਆਂਧਰਾ ਪ੍ਰਦੇਸ਼ ਵਿੱਚ 5, ਮੱਧ ਪ੍ਰਦੇਸ਼ ਵਿੱਚ 4, ਪੁੱਡੂਚੇਰੀ ਅਤੇ ਦਿੱਲੀ ਵਿੱਚ 3-3 ਅਤੇ ਰਾਜਸਥਾਨ ਵਿੱਚ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ
[ad_2]
-
Previous ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਭਾਰੀ ਮੀਂਹ
-
Next ਭਾਰਤ ਅਤੇ ਨੇਪਾਲ ਸਪਤ ਕੋਸੀ ਬੰਨ੍ਹ ਪ੍ਰਾਜੈਕਟ ਅੱਗੇ ਵਧਾਉਣ ਲਈ ਸਹਿਮਤ