Loader

ਪੰਜਾਬ ਤੇ ਹਰਿਆਣਾ ਵਿੱਚ ਸਿਆਸੀ ਧੂੰਆਂ ਉੱਠਿਆ

00
ਪੰਜਾਬ ਤੇ ਹਰਿਆਣਾ ਵਿੱਚ ਸਿਆਸੀ ਧੂੰਆਂ ਉੱਠਿਆ

[ad_1]

ਚਰਨਜੀਤ ਭੁੱਲਰ

ਚੰਡੀਗੜ੍ਹ, 1 ਨਵੰਬਰ

ਪੰਜਾਬ ਅਤੇ ਹਰਿਆਣਾ ’ਚ ਹੁਣ ਪਰਾਲੀ ਦੇ ਪ੍ਰਦੂਸ਼ਣ ਤੋਂ ਸਿਆਸੀ ਧੂੰਆਂ ਉੱਠਿਆ ਹੈ। ਦੋਵੇਂ ਸੂਬਿਆਂ ਦੀਆਂ ਸਰਕਾਰਾਂ ਇਸ ਮੁੱਦੇ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਉਨ੍ਹਾਂ ਇਕ ਦੂਜੇ ’ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਹਰਿਆਣਾ ਸਰਕਾਰ ਨੇ ਅੱਜ ਦਿੱਲੀ ਅਤੇ ਐਨਸੀਆਰ ’ਚ ਪ੍ਰਦੂਸ਼ਣ ਦੇ ਵਧੇ ਪੱਧਰ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਕਿਹਾ ਕਿ ਦਿੱਲੀ ਅਤੇ ਐਨਸੀਆਰ ਦੇ ਸ਼ਹਿਰਾਂ ਵਿਚ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ ਜਦੋਂ ਕਿ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਪੰਜਾਬ ਦੇ ਮੁਕਾਬਲੇ ਸਿਰਫ਼ 10 ਫ਼ੀਸਦੀ ਹਨ। 

ਦੂਜੇ ਪਾਸੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਜਰਾਤ ਚੋਣਾਂ ਕਰਕੇ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਅਤੇ ਖੱਟਰ ਸਰਕਾਰ ਸਿਆਸੀ ਨਜ਼ਰੀਏ ਤੋਂ ਇਹ ਮੁੱਦਾ ਉਛਾਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਵਰ੍ਹੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ 2,561 ਘਟਨਾਵਾਂ ਸਾਹਮਣੇ ਆਈਆਂ ਸਨ ਜੋ ਐਤਕੀਂ ਘੱਟ ਕੇ 1,925 ਰਹਿ ਗਈਆਂ ਹਨ। 

 ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਨੇ ਵੀ ਨਿਰਦੇਸ਼ ਦਿੱਤੇ ਸਨ ਅਤੇ ਉਹ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪਰਾਲੀ ਦਾ ਪ੍ਰਦੂਸ਼ਣ ਇੱਕ ਸੂਬੇ ਤੱਕ ਸੀਮਤ ਨਹੀਂ ਰਹੇਗਾ ਬਲਕਿ ਇਹ ਕਈ ਸੂਬਿਆਂ ਵਿਚ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਐਮਐਸਪੀ ’ਤੇ ਹਰਿਆਣਾ ਸਰਕਾਰ ਖ਼ਰੀਦੇਗੀ। ਇਸ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਪਰਾਲੀ ਦਾ ਐਮਐਸਪੀ ਨਿਰਧਾਰਿਤ ਕਰੇਗੀ। 

ਦੂਜੇ ਬੰਨ੍ਹੇ ਕੁਲਦੀਪ ਸਿੰਘ ਧਾਲੀਵਾਲ ਨੇ ਖੱਟਰ ਦੇ ਅੰਕੜਿਆਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਪੰਜਾਬ ਵਿਚ 2021 ਦੌਰਾਨ ਇਸ ਤਰੀਕ ਤੱਕ ਚਾਰ ਲੱਖ ਹੈਕਟੇਅਰ ਰਕਬੇ ਵਿਚ ਪਰਾਲੀ ਸਾੜੇ ਜਾਣ ਦੀ ਰਿਪੋਰਟ ਸੀ ਜਦੋਂ ਕਿ ਐਤਕੀਂ ਇਹ ਰਕਬਾ ਅੱਜ ਤੱਕ ਘੱਟ ਕੇ 2.95 ਲੱਖ ਹੈਕਟੇਅਰ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਅੱਜ ਏਅਰ ਕੁਆਲਿਟੀ ਇੰਡੈਕਸ 291 ਹੈ ਜਦੋਂਕਿ ਪੰਜਾਬ ਵਿਚ 190 ਹੈ। ਉਨ੍ਹਾਂ ਮੁੱਖ ਮੰਤਰੀ ਖੱਟਰ ਨੂੰ ਸੁਆਲ ਕੀਤਾ ਕਿ ਜੇ ਹਰਿਆਣਾ ਦੇ ਸ਼ਹਿਰਾਂ ਦਾ ਧੂੰਆਂ ਦਿੱਲੀ ਨਹੀਂ ਗਿਆ ਤਾਂ ਪੰਜਾਬ ਦਾ ਕਿਵੇਂ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਸਖ਼ਤੀ ਪਰਾਲੀ ਦੇ ਪ੍ਰਦੂਸ਼ਣ ਦਾ ਹੱਲ ਨਹੀਂ ਹੈ ਬਲਕਿ ਕਿਸਾਨਾਂ ਨੂੰ ਝੋਨੇ ਦੇ ਗੇੜ ਵਿਚੋਂ ਕੱਢਣਾ ਪਵੇਗਾ। ਉਨ੍ਹਾਂ ਚੁਣੌਤੀ ਦਿੱਤੀ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਅਗਵਾਈ ਵਿਚ ਦੋਵਾਂ ਸੂਬਿਆਂ ਦੇ ਖੇਤੀ ਮੰਤਰੀ ਸਾਂਝੇ ਤੌਰ ’ਤੇ ਦੋਵੇਂ ਰਾਜਾਂ ਦਾ ਦੌਰਾ ਕਰਨ ਜਿਸ ਨਾਲ ਸੱਚ ਸਾਹਮਣੇ ਆ ਜਾਵੇਗਾ।  ਪੰਜਾਬ ’ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਅੰਕੜਾ 17,846 ’ਤੇ ਪੁੱਜ ਗਿਆ ਹੈ। ਹੁਣ ਤੱਕ ਜ਼ਿਲ੍ਹਾ ਤਰਨਤਾਰਨ ਵਿਚ ਸਭ ਤੋਂ ਵੱਧ 2,595 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ ਜਦੋਂ ਕਿ ਦੂਜੇ ਨੰਬਰ ’ਤੇ ਸੰਗਰੂਰ ਜ਼ਿਲ੍ਹੇ ਵਿਚ 2044 ਥਾਵਾਂ ’ਤੇ ਅੱਗਾਂ ਲੱਗੀਆਂ ਹਨ। ਪਟਿਆਲਾ ਤੀਜੇ ਨੰਬਰ ’ਤੇ ਹੈ ਜਿੱਥੇ 1,974 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਸੰਗਰੂਰ ਜ਼ਿਲ੍ਹੇ ਵਿਚ ਅੱਜ ਸਭ ਤੋਂ ਵੱਧ 345 ਥਾਵਾਂ ’ਤੇ ਪਰਾਲੀ ਸਾੜੀ ਗਈ ਹੈ। ਪਤਾ ਲੱਗਾ ਹੈ ਕਿ ਲੁਧਿਆਣਾ ਜ਼ਿਲ੍ਹੇ ਵਿਚ ਜੁਰਮਾਨੇ ਤੇ ਰੈੱਡ ਐਂਟਰੀ ਵੀ ਮਾਲ ਰਿਕਾਰਡ ਵਿਚ ਪਾਈ ਗਈ ਹੈ।

ਵਿਧਾਇਕ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ

ਕਰਤਾਰਪੁਰ (ਪੱਤਰ ਪ੍ਰੇਰਕ): ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਆਪਣੀ ਗੱਡੀ ਰੁਕਵਾ ਕੇ ਕਿਸਾਨਾਂ ਵੱਲੋਂ ਝੋਨੇ ਵੀ ਪਰਾਲੀ ਨੂੰ ਲਾਈ ਅੱਗ ਆਪ ਬੁਝਾਈ। ਵਿਧਾਇਕ ਆਪਣੇ ਕਾਫ਼ਲੇ ਸਮੇਤ ਹਲਕੇ ਦੇ ਪਿੰਡ ਘੋੜਾਬਾਹੀ ਕੋਲੋਂ ਲੰਘ ਰਹੇ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਲਾਈ ਹੋਈ ਅੱਗ ਵੇਖੀ ਤਾਂ ਗੱਡੀ ਵਿੱਚੋਂ ਉਤਰ ਕੇ ਆਪ ਅੱਗ ਬੁਝਾਉਣ ਲਈ ਨੇੜਲੀ ਖਾਲ ਵਿੱਚੋਂ ਪਾਣੀ ਪਾਉਣ ਲੱਗ ਪਏ। ਇਸ ਤਰ੍ਹਾਂ ਵਿਧਾਇਕ ਵੱਲੋਂ ਅੱਗ ਬੁਝਾਉਂਦਿਆਂ ਦੇਖ ਆਸਪਾਸ ਦੇ ਕਿਸਾਨ ਇਕੱਠੇ ਹੋ ਗਏ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਨੂੰ ਹੋਰ ਵਧੇਰੇ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਖੇਤਾਂ ਦੇ ਨੇੜਲੀ ਹਰੀ ਬਨਸਪਤੀ ਸੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਖੇਤੀ ਲਈ ਲਾਹੇਵੰਦ ਮਿੱਤਰ ਕੀੜੇ ਵੀ ਸੜ ਜਾਂਦੇ ਹਨ ਅਤੇ ਜ਼ਮੀਨ ਸਖ਼ਤ ਹੋਣ ਨਾਲ ਉਪਜਾਊ ਸ਼ਕਤੀ ਘਟਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੇ ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਖਪਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਸ਼ੀਨਾਂ ਕਿਰਾਏ ’ਤੇ ਦੇਣ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ।

ਪੰਜਾਬ ਭਾਜਪਾ ਵੱਲੋਂ ਸਰਕਾਰ ’ਤੇ ਨਿਸ਼ਾਨਾ

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਪਰਾਲੀ ਸਾੜਨ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਾਧੇ ਤੋਂ ਸਰਕਾਰ ਫ਼ਿਕਰਮੰਦ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸੂਬਿਆਂ ਨੂੰ ਕੁੱਲ ਖ਼ਰਚੇ ਦਾ 47 ਫ਼ੀਸਦੀ ਦਿੱਤਾ ਜਾ ਰਿਹਾ ਹੈ। ਤਿੰਨ ਸਾਲਾਂ ਵਿਚ ਪੰਜਾਬ ਨੂੰ 1,143 ਕਰੋੜ ਰੁਪਏ ਦਿੱਤੇ ਗਏ ਪਰ ਫਿਰ ਵੀ ਸੂਬੇ ਨੇ ਹਰਿਆਣਾ ਦੇ ਮੁਕਾਬਲੇ ਕੋਈ ਤਰੱਕੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਵਿਚ ਸਮਾਂ ਬਰਬਾਦ ਕਰਨ ਦੀ ਥਾਂ ਆਪਣੇ ਸੂਬੇ ’ਤੇ ਧਿਆਨ ਦੇਣ ਕਿਉਂਕਿ ਸੂਬੇ ਦੇ ਲੋਕਾਂ ਦਾ ਦਮ ਘੁਟ ਰਿਹਾ ਹੈ।



[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਪੰਜਾਬ ਤੇ ਹਰਿਆਣਾ ਵਿੱਚ ਸਿਆਸੀ ਧੂੰਆਂ ਉੱਠਿਆ”

Leave a Reply

Subscription For Radio Chann Pardesi