Loader

ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਸੀ ਸਲਮਾਨ ਖ਼ਾਨ

00
ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਸੀ ਸਲਮਾਨ ਖ਼ਾਨ

[ad_1]

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਸਤੰਬਰ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਆਖ਼ਰੀ ਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਦੀ ਨੇਪਾਲ ਵਿੱਚੋਂ ਗ੍ਰਿਫ਼ਤਾਰੀ ਸਬੰਧੀ ਅਹਿਮ ਖ਼ੁਲਾਸੇ ਕੀਤੇ ਹਨ। ਡੀਜੀਪੀ  ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ ਅਤੇ ਇਸ ਗਰੋਹ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਅਦਾਕਾਰ ਸਲਮਾਨ ਖ਼ਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ।

ਡੀਜੀਪੀ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ  ਦੱਸਿਆ ਕਿ ਸਲਮਾਨ ਖ਼ਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਪੰਡਿਤ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ। ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ’ਤੇ ਪਹਿਲਾਂ ਵੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਤਹਿਤ ਦੀਪਕ ਮੁੰਡੀ ਤੇ ਸਾਥੀਆਂ ਨੂੰ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਮੁੱਖ ਕਾਤਲ ਦੀਪਕ ਮੁੰਡੀ ਹੀ ਸੀ। ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਖਰੀਬਾੜੀ ਪੁਲੀਸ ਸਟੇਸ਼ਨ ਦੇ ਖੇਤਰ ਵਿੱਚੋਂ ਦੀਪਕ ਮੁੰਡੀ ਤੋਂ ਇਲਾਵਾ ਕਪਿਲ ਪੰਡਿਤ ਅਤੇ ਰਾਜਿੰਦਰ ਉਰਫ਼ ਜੋਕਰ ਵੀ ਗ੍ਰਿਫ਼ਤਾਰ ਕੀਤੇ ਗਏ ਹਨ। ਏਆਈਜੀ ਗੁਰਮੀਤ ਚੌਹਾਨ ਅਤੇ ਡੀਐੱਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐੱਫ ਦੀ ਟੀਮ ਸ਼ਨਿਚਰਵਾਰ ਦੇਰ ਰਾਤ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਨੂੰ ਹਵਾਈ ਰਸਤੇ ਪੰਜਾਬ ਲੈ ਕੇ ਆਈ ਸੀ।

ਡੀਜੀਪੀ ਨੇ ਦੱਸਿਆ ਕਿ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 23 ਹੋ ਗਈ ਹੈ, ਜਦਕਿ ਪਿੰਡ ਭਕਨਾ ਵਿੱਚ ਹੋਏ ਮੁਕਾਬਲੇ ਦੌਰਾਨ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਡੀ ਅਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਅਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਿਸ਼ਘਾੜਾ) ਦੇ ਨਿਰਦੇਸ਼ਾਂ ’ਤੇ ਆਪਣੇ ਟਿਕਾਣੇ ਬਦਲ ਰਹੇ ਸਨ। ਇਸ ਸਮੇਂ ਦੌਰਾਨ ਮੁੰਡੀ ਅਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਅਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਰੁਕੇ ਅਤੇ ਕਿਹਾ ਕਿ  ਜੋਕਰ, ਜੋ ਪਹਿਲਾਂ ਹੀ ਨੇਪਾਲ ਵਿੱਚ ਸੀ, ਪੱਛਮੀ ਬੰਗਾਲ ਵਿੱਚ ਸੁਰੱਖਿਅਤ ਦਾਖਲ ਹੋਣ ਲਈ ਮੁੰਡੀ ਅਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਨੇਪਾਲ ਵਿੱਚ ਸੁਰੱਖਿਅਤ ਥਾਂ ਲਿਜਾਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਅਤੇ ਕਪਿਲ ਨੂੰ ਫ਼ਰਜ਼ੀ ਪਾਸਪੋਰਟਾਂ ’ਤੇ ਦੁਬਈ ਸੈਟਲ ਕਰਨ ਦਾ ਵਾਅਦਾ ਕੀਤਾ ਸੀ। ਉਕਤ ਦੋਵਾਂ ਨੂੰ ਨੇਪਾਲ ਜਾਂ ਥਾਈਲੈਂਡ ਵਿੱਚ ਆਪਣੇ ਜਾਅਲੀ ਪਾਸਪੋਰਟ ਮਿਲਣੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੁਬਈ ਨਿਕਲ ਜਾਣਾ ਸੀ।

ਰਾਜਸਥਾਨ ਦੇ ਪਿੰਡ ਬੇਵੜ ਦਾ ਰਹਿਣ ਵਾਲਾ ਕਪਿਲ ਪੰਡਿਤ ਪਿਛਲੇ ਸਾਲ ਪੈਰੋਲ ’ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਫ਼ਰਾਰ ਸੀ। ਯਾਦਵ ਨੇ ਦੱਸਿਆ ਕਿ ਵਿਦੇਸ਼ ਫ਼ਰਾਰ ਹੋਏ ਗੈਂਗਸਟਰ ਨੂੰ ਫੜਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਗੈਂਗਸਟਰ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ।

ਦੀਪਕ ਮੁੰਡੀ ਤੇ ਸਾਥੀਆਂ ਨੂੰ ਸੱਤ ਦਿਨਾ ਰਿਮਾਂਡ ’ਤੇ ਭੇਜਿਆ

ਮਾਨਸਾ ਦੇ ਸਿਵਲ ਹਸਪਤਾਲ ’ਚ ਦੀਪਕ ਮੁੰਡੀ ਤੇ ਹੋਰਨਾਂ ਦਾ ਡਾਕਟਰੀ ਮੁਆਇਨਾ ਕਰਵਾਉਣ ਉਪਰੰਤ ਬਾਹਰ ਲੈਕੇ ਆਉਂਦੀ ਹੋਈ ਪੁਲੀਸ। -ਫੋਟੋ: ਮਾਨ

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀ ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਨੂੰ ਸੱਤ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਤਿੰਨਾਂ ਨੂੰ ਅੱਜ ਦੇਰ ਸ਼ਾਮ ਰਾਜਪੁਰਾ ਸੀਆਈਏ ਸਟਾਫ ਥਾਣੇ ਲਿਜਾ ਕੇ ਪੁੱਛਗਿੱਛ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਪਹਿਲਾਂ ਇਨ੍ਹਾਂ ਨੂੰ ਰਿਮਾਂਡ ਮਗਰੋਂ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ਵਿੱਚ ਹੀ ਰੱਖਣ ਦੀ ਰਿਪੋਰਟ ਸੀ। ਉਨ੍ਹਾਂ ਨੂੰ ਲੰਘੇ ਦਿਨੀਂ ਨੇਪਾਲ ਸਰਹੱਦ ਤੋਂ ਕਾਬੂ ਕੀਤਾ ਗਿਆ ਸੀ, ਜਿੱਥੇ ਉਹ ਫ਼ਰਜ਼ੀ ਦਸਤਾਵੇਜ਼ਾਂ ਨਾਲ ਦੁਬਈ ਭੱਜਣ ਦੀ ਤਿਆਰੀ ਵਿੱਚ ਸਨ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਤਿੰਨੇ ਮੁਲਜ਼ਮਾਂ ਨੂੰ ਅੱਜ ਇਥੇ ਮਾਨਸਾ ਲਿਆਉਣ ਮਗਰੋਂ ਸਥਾਨਕ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲੀਸ ਨੂੰ ਮੁਲਜ਼ਮਾਂ ਦਾ ਸੱਤ ਦਿਨਾ ਰਿਮਾਂਡ ਦੇ ਦਿੱਤਾ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮਾਨਸਾ ਪੁਲੀਸ ਨੇ ਤਿੰਨੇ ਮੁਲਜ਼ਮਾਂ ਦਾ 17 ਸਤੰਬਰ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨ੍ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹਵਾਲੇ ਨਾਲ ਦੱਸਿਆ ਕਿ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਛੇਵਾਂ ਸ਼ੂਟਰ ਹੈ, ਜਿਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਆਪਣੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਾਜਿੰਦਰ ਜੋਕਰ ਨਾਲ ਇਥੋਂ ਭੱਜਣ ਦੀ ਤਿਆਰੀ ਕੀਤੀ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਤਿੰਨੇ ਮੁਲਜ਼ਮ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਘੁੰਮਦੇ ਰਹੇ ਹਨ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਟਿਕਾਣਿਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰਾਂ ਦੇ ਵੇਰਵੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਾਨਸਾ ਪੁਲੀਸ ਨੇ ਹੁਣ ਤੱਕ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕੁਲਦੀਪ ਉਰਫ਼ ਕਸ਼ਿਸ਼ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦਕਿ ਦੋ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮਨੂ ਕੁੱਸਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਸਨ।

ਸ਼ੂਟਰ ਦੀਪਕ ਮੁੰਡੀ ਤੇ ਸਾਥੀਆਂ ਨੂੰ ਨੇਪਾਲ ਪੁਲੀਸ ਨੇ ਫੜਿਆ ਹੈ: ਗੋਲਡੀ ਬਰਾੜ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਤੇ ਦਿੱਲੀ ਪੁਲੀਸ ਨੇ ਨਹੀਂ ਬਲਕਿ ਨੇਪਾਲ ਪੁਲੀਸ ਨੇ ਕਾਬੂ ਕੀਤਾ ਸੀ। ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਲਿਖਿਆ ਹੈ ਕਿ ਨੇਪਾਲ ਬਾਰਡਰ ਤੋਂ ਕਾਬੂ ਕੀਤੇ ਗਏ ਤਿੰਨ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਪੁਲੀਸ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਕਰੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲੀਸ ਨੇ ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ਤੋਂ ਕਾਬੂ ਕਰਨ ਦਾ ਦਾਅਵਾ ਕੀਤਾ ਸੀ।

ਉੱਤਰ-ਪੱਛਮੀ ਦਿੱਲੀ ਤੋਂ ਬਿਸ਼ਨੋਈ-ਬਰਾੜ ਗਰੋਹ ਦੇ 3 ਸ਼ੂਟਰ ਕਾਬੂ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗਰੋਹ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਵੀਨ (23), ਮਨੋਜ (28) ਤੇ ਕਰਮਬੀਰ (28) ਵਜੋਂ ਦੱਸੀ ਗਈ ਹੈ ਤੇ ਇਹ ਸਾਰੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਸਨੀਕ ਹਨ। ਦਿੱਲੀ ਪੁਲੀਸ ਨੇ ਇਨ੍ਹਾਂ ਨੂੰ ਸ਼ਨਿਚਰਵਾਰ ਸ਼ਾਮ 4 ਵਜੇ ਦੇ ਕਰੀਬ ਬਰਵਾਲਾ-ਬਵਾਨਾ ਰੋਡ ’ਤੇ ਲਾਏ ਟਰੈਪ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਇਨ੍ਹਾਂ ਨੂੰ ਆਤਮ-ਸਮਰਪਣ ਲਈ ਕਿਹਾ ਤਾਂ ਤਿੱਕੜੀ ਨੇ ਉਨ੍ਹਾਂ ਕੋਲ ਮੌਜੂਦ ਪਿਸਤੌਲਾਂ ਤੋਂ ਚਾਰ ਗੋਲੀਆਂ ਚਲਾਈਆਂ। ਪੁਲੀਸ ਮੁਤਾਬਕ ਇਹ ਤਿੰਨੋ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਸਿਗਨਲ ਐਪ ਜ਼ਰੀਏ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਮੁਲਜ਼ਮ ਗੁੜਗਾਓਂ ਦੇ ਝਾਰਸਾ ਵਿੱਚ ਸ਼ਰਾਬ ਦੇ ਠੇਕੇ ’ਤੇ ਹਥਿਆਰ ਵਿਖਾ ਦੇ ਲੁੱਟ ਕਰਨ ਦੇ ਮਾਮਲੇ ’ਚ ਲੋੜੀਂਦੇ ਸਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਤੇ 11 ਕਾਰਤੂਸ ਬਰਾਮਦ ਹੋਏ ਹਨ। -ਪੀਟੀਆਈ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

0 thoughts on “ਲਾਰੈਂਸ ਬਿਸ਼ਨੋਈ ਗਰੋਹ ਦੇ ਨਿਸ਼ਾਨੇ ’ਤੇ ਸੀ ਸਲਮਾਨ ਖ਼ਾਨ”

Leave a Reply

Subscription For Radio Chann Pardesi