ਕੁਰਾਲੀ ਦੇ ਪਿੰਡਾਂ ਵਿੱਚ 60 ਏਕੜ ਝੋਨੇ ਨੂੰ ਚੀਨੀ ਵਾਇਰਸ
[ad_1]
ਮਿਹਰ ਸਿੰਘ
ਕੁਰਾਲੀ, 18 ਸਤੰਬਰ
ਇਲਾਕੇ ਦੇ ਕਈ ਪਿੰਡਾਂ ਵਿੱਚ ਝੋਨੇ ਦੀ ਫਸਲ ਚੀਨੀ ਵਾਇਰਸ ਦੀ ਮਾਰ ਹੇਠ ਆ ਗਈ ਹੈ। ਘਾੜ ਇਲਾਕੇ ਦੇ ਪਿੰਡ ਅਭੀਪੁਰ ਦੇ ਕਈ ਕਿਸਾਨਾਂ ਦੇ ਕਰੀਬ 60 ਏਕੜ ਜ਼ਮੀਨ ਇਸ ਬਿਮਾਰੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਨੂੰ ਫਸਲ ਨੂੰ ਵਾਹੁਣ ਲਈ ਮਜਬੂਰ ਹੋਣਾ ਪਿਆ। ਕਿਸ਼ਨਪੁਰਾ ਵਿੱਚ ਵੀ ਝੋਨੇ ਦੀ ਸਫਲ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਵਿਸ਼ੇਸ਼ ਗਰਦਾਵਰੀ ਅਤੇ ਮੁਆਜ਼ਵੇ ਦੀ ਮੰਗ ਕੀਤੀ ਹੈ।
ਝੋਨੇ ਦੀ ਫਸਲ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੰਦਿਆਂ ਅਭਪੁਰ ਦੇ ਕਿਸਾਨਾਂ ਜਗਦੀਪ ਸਿੰਘ, ਹਰਮੇਲ ਸਿੰਘ ਮਾਂਗਟ, ਇਕਬਾਲ ਸਿੰਘ ਲਾਡੀ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਜਦੋਂ ਨਿੱਸਰਨ ’ਤੇ ਆਈ ਤਾਂ ਉਸ ਨੂੰ ਚੀਨੀ ਵਾਇਰਸ ਨਾਂ ਦੀ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਕਿਸਾਨਾਂ ਨੇ ਦੱਸਿਆ ਕਿ ਜ਼ਿਆਦਾ ਨੁਕਸਾਨ ਝੋਨੇ ਦੀ 26 ਕਿਸਮ ਨੂੰ ਹੋਇਆ ਹੈ। ਕਿਸਾਨ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਕਰੀਬ 13 ਏਕੜ ਝੋਨੇ ਦੀ ਫਸਲ ਨੂੰ ਦਾਣਾ ਹੀ ਨਹੀਂ ਪਿਆ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਅਤੇ ਮਾਹਿਰਾਂ ਦੇ ਕਹਿਣ ’ਤੇ ਦਵਾਈਆਂ ਦੇ ਛਿੜਕਾਅ ਉਤੇ ਵੀ ਹਜ਼ਾਰਾਂ ਰੁਪਏ ਖਰਚ ਦਿੱਤੇ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਝੋਨੇ ਦੀ ਫਸਲ ਦਾ ਬਚਾਅ ਨਹੀਂ ਹੋ ਸਕਿਆ। ਕਿਸਾਨਾਂ ਨੇ ਕਿਹਾ ਕਿ ਗਊਆਂ ਦੀ ਬਿਮਾਰੀ ਕਾਰਨ ਵੀ ਉਹ ਆਰਥਿਕ ਮੰਦਹਾਲੀ ਪਹਿਲਾਂ ਹੀ ਝੱਲ ਰਹੇ ਹਨ। ਇਸੇ ਦੌਰਾਨ ਪਿੰਡ ਕਿਸ਼ਨਪੁਰੇ ਵਿੱਚ ਵੀ ਝੋਨੇ ਦੀ ਫਸਲ ਨੂੰ ਚੀਨੀ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਿੰਡ ਦੇ ਦਰਜਨਾਂ ਏੜਕ ਰਕਬੇ ਵਿੱਚ ਇਸ ਬਿਮਾਰੀ ਦੀ ਮਾਰ ਫਸਲ ’ਤੇ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਕਿਸਾਨਾਂ ਡਾਢੀ ਚਿੰਤਾ ਵਿੱਚ ਹਨ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ੇਸ਼ ਗਰਦਾਵਰੀ ਦੀ ਮੰਗ ਕਰਦਿਆਂ ਫਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ’ਤੇ ਇਸ ਵਾਇਰਸ ਦਾ ਇਲਾਜ ਕੱਢਣ ਲਈ ਖੋਜ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਦਕਿ ਗਿਰਦਾਵਰੀ ਅਤੇ ਕਿਸਾਨਾਂ ਦੇ ਨੁਕਸਾਨ ਦੀ ਪ੍ਰਤੀਪੂਰਤੀ ਲਈ ਡਿਪਟੀ ਕਮਿਸ਼ਨ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ।
[ad_2]
- Previous ਸਾਂਬਾ ’ਚ ਡਰੋਨ ਗਤੀਵਿਧੀ ਮਗਰੋਂ ਤਲਾਸ਼ੀ ਮੁਹਿੰਮ
- Next ਕੈਪਟਨ ਅਮਰਿੰਦਰ ਸਿੰਘ ਅੱਜ ਹੋ ਸਕਦੇ ਨੇ ਭਾਜਪਾ ’ਚ ਸ਼ਾਮਲ
0 thoughts on “ਕੁਰਾਲੀ ਦੇ ਪਿੰਡਾਂ ਵਿੱਚ 60 ਏਕੜ ਝੋਨੇ ਨੂੰ ਚੀਨੀ ਵਾਇਰਸ”