ਰਾਮ ਰਹੀਮ ਨੇ ਹਨੀਪ੍ਰੀਤ ਨੂੰ ਦਿੱਤਾ ‘ਰੂਹਾਨੀ ਦੀਦੀ’ ਦਾ ਨਾਮ
[ad_1]
ਬਾਗ਼ਪਤ, 26 ਅਕਤੂਬਰ
ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਚਾਲੀ ਦਿਨਾਂ ਦੀ ਪੈਰੋਲ ’ਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ‘ਧੀ’ ਹਨੀਪ੍ਰੀਤ ਨੂੰ ਹੁਣ ‘ਰੂਹਾਨੀ ਦੀਦੀ’ ਵਜੋਂ ਜਾਣਿਆ ਜਾਵੇਗਾ। ਡੇਰਾ ਮੁਖੀ ਨੇ ਕਿਹਾ ਕਿ ਹਨੀਪ੍ਰੀਤ ਹੁਣ ਰੂਹਾਨੀ ਦੀਦੀ ਦੇ ਨਾਂ ਨਾਲ ਜਾਣੀ ਜਾਵੇਗੀ। ਰਾਮ ਰਹੀਮ ਨੇ ਹਾਲਾਂਕਿ ਡੇਰੇ ਦੀ ਕਮਾਨ ਕਿਸੇ ਹੋੋਰ ਹੱਥ ਦੇਣ ਸਬੰਧੀ ਕਿਆਸਰਾਈਆਂ ਨੂੰ ਖਾਰਜ ਕਰਦਿਆਂ ਸਾਫ਼ ਕਰ ਦਿੱਤਾ ਕਿ ਡੇਰੇ ਦੇ ਮੁਖੀ ਉਹ ਖੁ਼ਦ ਰਹਿਣਗੇ। ਡੇਰਾ ਮੁਖੀ ਨੇ ਇਹ ਦੋਵੇਂ ਬਿਆਨ ਬਾਗ਼ਪਤ ਵਿਚਲੇ ਆਪਣੇ ਡੇਰੇ ’ਤੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਜਾਰੀ ਕੀਤੇ। ਪੈਰੋਲ ਮਗਰੋਂ ਡੇਰਾ ਮੁਖੀ ਅੱਜਕੱਲ੍ਹ ਬਾਗ਼ਪਤ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਹੈ, ਜਿੱਥੋਂ ਉਹ ਆਪਣੇ ਭਗਤਾਂ ਨੂੰ ਵਰਚੁਅਲੀ ਸੰਬੋਧਨ ਕਰਦਾ ਹੈ।
ਰਾਮ ਰਹੀਮ ਨੇ ਲੰਘੇ ਦਿਨ ਆਸ਼ਰਮ ਵਿਚਲੇ ਕੈਂਪ ਵਿੱਚ ਆਨਲਾਈਨ ਦੀਵਾਲੀ ਮਨਾਈ ਸੀ। ਡੇਰਾ ਮੁਖੀ ਨੇ ਫੁਲਝੜੀਆਂ ਜਗਾਉਂਦਿਆਂ ਆਪਣੇ ਸ਼ਰਧਾਲੂਆਂ ਨੂੰ ਵਧੇਰੇ ਪ੍ਰਦੂਸ਼ਣ ਨਾ ਫੈਲਾਉਣ ਦੀ ਅਪੀਲ ਕੀਤੀ ਸੀ। ਰਾਮ ਰਹੀਮ ਵੱਲੋਂ ਇਸ ਮੌਕੇ 3.52 ਮਿੰਟ ਦਾ ਪੰਜਾਬੀ ਵੀਡੀਓ ਗੀਤ ਵੀ ਰਿਲੀਜ਼ ਕੀਤਾ, ਜਿਸ ਵਿੱਚ ਉਹ ਖੁ਼ਦ ਨਜ਼ਰ ਆ ਰਹੇ ਹਨ। ਡੇਰਾ ਮੁਖੀ ਨੇ ਜੇਲ੍ਹ ਵਿੱਚ ਆਪਣੀ ਕੈਦ ਨੂੰ ‘ਰੂਹਾਨੀ ਸਫ਼ਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਿਤਾਬ ਲਿਖ ਰਹੇ ਹਨ। ਚੇਤੇ ਰਹੇ ਕਿ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਅਗਸਤ 2017 ਵਿੱਚ ਰਾਮ ਰਹੀਮ ਨੂੰ ਸਿਰਸਾ ਵਿਚਲੇ ਆਪਣੇ ਡੇਰੇ ਵਿੱਚ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 2019 ਵਿੱਚ ਰਾਮ ਰਹੀਮ ਤੇ ਤਿੰਨ ਹੋਰਨਾਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ 2002 ਵਿੱਚ ਹੋੲੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਡੇਰਾ ਮੁਖੀ ਤੇ ਚਾਰ ਹੋਰਨਾਂ ਨੂੰ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਘੜਨ ਲਈ ਕੋਰਟ ਨੇ ਦੋਸ਼ੀ ਐਲਾਨਿਆ ਸੀ। ਉਂਜ ਪੈਰੋਲ ਦੌਰਾਨ ਡੇਰਾ ਮੁਖੀ ਆਪਣੇ ਸ਼ਰਧਾਲੂਆਂ ਨਾਲ ਰੋਜ਼ਾਨਾ ਰੂਬਰੂ ਹੁੰਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਦੋ ਭਾਜਪਾ ਆਗੂ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਤੇ ਕਰਨਾਲ ਦੇ ਮੇਅਰ ਰੇਣੂ ਬਾਲਾ ਗੁਪਤਾ, ਰਾਮ ਰਹੀਮ ਦੇ ਆਨਲਾਈਨ ਦਰਸ਼ਨ ਕਰਦਿਆਂ ਤੇ ਉਨ੍ਹਾਂ ਦਾ ਅਸ਼ੀਰਵਾਦ ਲੈਂਦੇ ਵੇਖੇ ਗਏ ਹਨ। ਆਦਮਪੁਰ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਨੇ ਦਾਅਵਾ ਕੀਤਾ ਹੈ ਕਿ ਉਹ ਰਾਮ ਰਹੀਮ ਦੇ ‘ਸਭ ਤੋਂ ਵੱਡੇ ਭਗਤ’ ਹਨ। -ਆਈਏਐੱਨਐੱਸ
[ad_2]
- Previous ਅਪਰੇਸ਼ਨ ਕਮਲ: ‘ਆਪ’ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ
- Next ਸਰਕਾਰ ਨੂੰ ਬਹੁਤ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ: ਸੂਨਕ
0 thoughts on “ਰਾਮ ਰਹੀਮ ਨੇ ਹਨੀਪ੍ਰੀਤ ਨੂੰ ਦਿੱਤਾ ‘ਰੂਹਾਨੀ ਦੀਦੀ’ ਦਾ ਨਾਮ”