ਸਰਕਾਰ ਨੂੰ ਬਹੁਤ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ: ਸੂਨਕ
[ad_1]
ਲੰਡਨ, 26 ਅਕਤੂਬਰ
ਬਰਤਾਨੀਆ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਨੂੰ ਕੁਝ ‘ਬਹੁਤ ਮੁਸ਼ਕਲ ਫੈਸਲੇ’ ਲੈਣੇ ਪੈ ਸਕਦੇ ਹਨ, ਪਰ ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹ ਮੁਲਕ ਨੂੰ ‘ਦਰਪੇਸ਼ ਵੱਡੇ ਆਰਥਿਕ ਸੰਕਟ’ ਦੇ ਟਾਕਰੇ ਮੌਕੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਜ਼ਹਿਨ ’ਚ ਰੱਖਣਗੇ। ਆਪਣੀ ਕੈਬਨਿਟ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਨਕ ਨੇ ਕਿਹਾ ਕਿ ‘ਆਰਥਿਕ ਸਥਿਰਤਾ ਤੇ ਵਿੱਤੀ ਮਜ਼ਬੂਤੀ’ ਉਨ੍ਹਾਂ ਦੀ ਸਰਕਾਰ ਦੇ ਮਿਸ਼ਨ ਦਾ ਕੇਂਦਰ ਰਹੇੇਗਾ। ਸੂਨਕ ਨੇ ਕਿਹਾ ਕਿ ਇਹ ਕੰਮ ਕਰਨ ਤੇ ਬਰਤਾਨਵੀ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ ਸਮਾਂ ਹੈ।
ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਇਥੇ ਆਪਣੀ ਨਵੀਂ ਟੀਮ ਨਾਲ ਪਹਿਲੀ ਕੈਬਨਿਟ ਮੀਟਿੰਗ ਕੀਤੀ। ਸੂਨਕ ਨੇ ਅਹੁਦਾ ਭਾਵੇਂ ਲੰਘੇ ਦਿਨ ਸੰਭਾਲਿਆ ਸੀ, ਪਰ ਪ੍ਰਧਾਨ ਮੰਤਰੀ ਵਜੋਂ ਅੱਜ ਉਨ੍ਹਾਂ ਨੂੰ ਪੂਰਾ ਦਿਨ ਮਿਲਿਆ। ਬੀਬੀਸੀ ਦੀ ਰਿਪੋਰਟ ਮੁਤਾਬਕ ਕੈਬਨਿਟ ਮੀਟਿੰਗ ਅਹਿਮ ਸੀ ਕਿਉਂਕਿ ਮੀਟਿੰਗ ਤੋਂ ਫੌਰੀ ਮਗਰੋਂ ਸੂਨਕ ਨੇ ਪ੍ਰਧਾਨ ਮੰਤਰੀ ਨੂੰ ਸਵਾਲ (ਪੀਐੱਮਕਿਊ’ਜ਼) ਈਵੈਂਟ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਕੀਰ ਸਟਾਰਮਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਯੂਕੇ ਦੀ ਸਿਆਸਤ ਵਿੱਚ ਪੀਐੱਮਕਿਊਜ਼ ਹਾਈ ਪ੍ਰੋਫਾਈਲ ਹਫ਼ਤਾਵਾਰੀ ਸਮਾਗਮ ਹੈ, ਜੋ ਹਰ ਬੁੱਧਵਾਰ ਨੂੰ ਹੁੰਦਾ ਹੈ, ਜਦੋਂ ਹਾਊਸ ਆਫ਼ ਕਾਮਨਜ਼ ਜੁੜਦਾ ਹੈ। ਵਿਰੋਧੀ ਧਿਰ ਦੇ ਆਗੂ ਨੂੰ ਆਮ ਕਰਕੇ ਛੇ ਸਵਾਲ ਪੁੱਛਣ ਦਾ ਅਧਿਕਾਰ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਅੱਧਾ ਘੰਟੇ ਦੇ ਕਰੀਬ ਕਾਮਨਜ਼ ਦੇ ਚੈਂਬਰ ’ਚ ਸੰਸਦ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। -ਪੀਟੀਆਈ
ਸੋਨੀਆ ਤੇ ਬਾਇਡਨ ਵੱਲੋਂ ਸੂਨਕ ਨੂੰ ਵਧਾਈ
ਨਵੀਂ ਦਿੱਲੀ/ਵਾਸ਼ਿੰਗਟਨ: ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਰਿਸ਼ੀ ਸੂਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਸ ਜਤਾਈ ਕਿ ਸੂਨਕ ਦੇ ਕਾਰਜਕਾਲ ਦੌਰਾਨ ਯੂਕੇ ਤੇ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਫੋਨ ਕਰਕੇ ਨਵੇਂ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਵਧਾਈ ਦਿੱਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਮਿਲ ਕੇ ਕੰਮ ਕਰਦਿਆਂ ਯੂਕਰੇਨ ਨੂੰ ਹਮਾਇਤ ਦੇਣ ਤੇ ਰੂਸ ਨੂੰ ਉਸ ਦੇ ਹਮਲਾਵਰ ਰੁਖ਼ ਲਈ ਜਵਾਬਦੇਹ ਬਣਾਉਣ ਦੀ ਅਹਿਮੀਅਤ ’ਤੇ ਸਹਿਮਤੀ ਦਿੱਤੀ। -ਪੀਟੀਆਈ
ਸੂਨਕ ਦੇ ਪ੍ਰਧਾਨ ਮੰਤਰੀ ਬਣਨ ’ਤੇ ਭਾਰਤੀ-ਅਮਰੀਕੀ ਬੇਹੱਦ ਖ਼ੁਸ਼
ਵਾਸ਼ਿੰਗਟਨ: ਰਿਸ਼ੀ ਸੂਨਕ ਦੇ ਯੂਕੇ ਦਾ ਪ੍ਰਧਾਨ ਮੰਤਰੀ ਬਣਨ ’ਤੇ ਭਾਰਤੀ-ਅਮਰੀਕੀਆਂ ਨੇ ਖ਼ੁਸ਼ੀ ਮਨਾਈ ਹੈ। ਉਨ੍ਹਾਂ ਇਸ ਨੂੰ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਭਾਈਚਾਰੇ ਲਈ ਵੱਡਾ ਦਿਨ ਕਰਾਰ ਦਿੱਤਾ। ਸਿਲੀਕਾਨ ਵੈਲੀ ਦੇ ਉੱਦਮੀ ਤੇ ‘ਇੰਡੀਆਸਪੋਰਾ’ ਦੇ ਸੰਸਥਾਪਕ ਐਮ.ਆਰ. ਰੰਗਾਸਵਾਮੀ ਨੇ ਕਿਹਾ ਕਿ ‘ਭਾਰਤੀ ਭਾਈਚਾਰੇ ਲਈ ਦੀਵਾਲੀ ਮੌਕੇ ਇਹ ਵੱਡਾ ਤੋਹਫ਼ਾ ਸੀ। ਅਸੀਂ ਰਿਸ਼ੀ ਨੂੰ ਅਹੁਦਾ ਸੰਭਾਲਣ ’ਤੇ ਸ਼ੁੱਭ ਇੱਛਾਵਾਂ ਭੇਜਦੇ ਹਾਂ।’ ਕੌਮਾਂਤਰੀ ਮੁਦਰਾ ਫੰਡ ਦੀ ਡਿਪਟੀ ਐਮਡੀ ਗੀਤਾ ਗੋਪੀਨਾਥ ਨੇ ਕਿਹਾ ਕਿ ਇਸ ਵਾਰ ਦੀ ਦੀਵਾਲੀ ਖ਼ਾਸ ਹੈ ਕਿਉਂਕਿ ਯੂਕੇ ਵਿਚ ਭਾਰਤੀ ਮੂਲ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਹੈ। ਮਿਸੀਸਿਪੀ ਰਾਜ ਦੇ ਉੱਘੇ ਸਿਹਤ ਮਾਹਿਰ ਡਾ. ਸੰਪਤ ਸ਼ਿਵਾਂਗੀ ਨੇ ਵੀ ਸੂਨਕ ਨੂੰ ਇਤਿਹਾਸ ਬਣਾਉਣ ਲਈ ਵਧਾਈ ਦਿੱਤੀ। ਨਿਊਯਾਰਕ ਦੇ ਰੀਅਲ ਅਸਟੇਟ ਕਾਰੋਬਾਰੀ ਅਲ ਮੈਸਨ ਨੇ ਵੀ ਸੂਨਕ ਨੂੰ ਦੱਖਣੀ ਏਸ਼ਿਆਈ ਮੂਲ ਦਾ ਪਹਿਲਾ ਬਰਤਾਨਵੀ ਪ੍ਰਧਾਨ ਮੰਤਰੀ ਬਣਨ ’ਤੇ ਮੁਬਾਰਕਬਾਦ ਦਿੱਤੀ। ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰੀਆ ਨੇ ਕਿਹਾ ਕਿ ਸੂਨਕ ਦੀ ਉਪਲਬਧੀ ਨਾਲ ਹੋਰਨਾਂ ਨੂੰ ਪ੍ਰੇਰਨਾ ਮਿਲੇਗੀ। -ਪੀਟੀਆਈ
[ad_2]
- Previous ਰਾਮ ਰਹੀਮ ਨੇ ਹਨੀਪ੍ਰੀਤ ਨੂੰ ਦਿੱਤਾ ‘ਰੂਹਾਨੀ ਦੀਦੀ’ ਦਾ ਨਾਮ
- Next ਨਵੇਂ ਕਰੰਸੀ ਨੋਟਾਂ ’ਤੇ ਡਾਕਟਰ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ?: ਮਨੀਸ਼ ਤਿਵਾੜੀ
0 thoughts on “ਸਰਕਾਰ ਨੂੰ ਬਹੁਤ ਮੁਸ਼ਕਲ ਫੈਸਲੇ ਲੈਣੇ ਪੈ ਸਕਦੇ ਨੇ: ਸੂਨਕ”