ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਜਾਪਾਨ ਭਾਈਵਾਲੀ ਅਹਿਮ: ਜੈਸ਼ੰਕਰ
[ad_1]
ਟੋਕੀਓ, 9 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਮੌਕੇ ਦੋਵਾਂ ਮੁਲਕਾਂ ਵੱਲੋਂ ਆਪਣੀਆਂ ਨੀਤੀਆਂ ਅਤੇ ਹਿੱਤਾਂ ’ਤੇ ਨੇੜਿਓਂ ਤਾਲਮੇਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਵਿਦੇਸ਼ ਤੇ ਰੱਖਿਆ ਮੰਤਰੀ ਨੇ ਕਿਹਾ ਕਿ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਲਈ ਇਹ ਜ਼ਰੂਰੀ ਹੈ। ਜੈਸ਼ੰਕਰ ਨੇ ਆਪਣੇ ਹਮਰੁਤਬਾ ਹਯਾਸ਼ੀ ਯੋਸ਼ੀਮਾਸਾ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ-ਜਪਾਨ ਦੀ ਮਜ਼ਬੂਤ ਭਾਈਵਾਲੀ ਦੋਵਾਂ ਮੁਲਕਾਂ ਦੇ ਹਿੱਤ ਵਿਚ ਹੈ। ਇਹ ਹਿੰਦ-ਪ੍ਰਸ਼ਾਂਤ ਖੇਤਰ ਤੇ ਆਲਮੀ ਵਿਵਸਥਾ ਦੇ ਪੱਖਾਂ ਤੋਂ ਵੀ ਮਹੱਤਵਪੂਰਨ ਹੈ। ਰਾਜਨਾਥ ਤੇ ਜੈਸ਼ੰਕਰ ਨੇ ਅੱਜ ਜਾਪਾਨ ਦੇ ਰੱਖਿਆ ਤੇ ਵਿਦੇਸ਼ ਮੰਤਰੀਆਂ ਨਾਲ 2+2 ਸੰਵਾਦ ਵਿਚ ਹਿੱਸਾ ਲਿਆ। ਮੰਤਰੀਆਂ ਨੇ ਇਸ ਮੌਕੇ ਵਰਤਮਾਨ ਖੇਤਰੀ ਤੇ ਆਲਮੀ ਚੁਣੌਤੀਆਂ ’ਤੇ ਚਰਚਾ ਕੀਤੀ। ਇਸ ਮੌਕੇ ਤਾਲਮੇਲ ਵਧਾਉਣ ਉਤੇ ਵੀ ਸਹਿਮਤੀ ਬਣੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਉਨ੍ਹਾਂ ਕਿਸ਼ਿਦਾ ਨਾਲ ਮੁਲਾਕਾਤ ਕੀਤੀ ਹੈ। ਰਾਜਨਾਥ ਨੇ ਆਪਣੇ ਟਵੀਟ ਵਿਚ ਕਿਹਾ ਕਿ ਭਾਰਤ-ਜਪਾਨ ਦੀ ਭਾਈਵਾਲੀ ਖਿੱਤੇ ਵਿਚ ਸ਼ਾਂਤੀ-ਸਥਿਰਤਾ ਲਈ ਅਹਿਮ ਭੂਮਿਕਾ ਅਦਾ ਕਰੇਗੀ। ਰਾਜਨਾਥ ਨੇ ਮੁਲਾਕਾਤ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਉਤੇ ਦੁੱਖ ਵੀ ਪ੍ਰਗਟ ਕੀਤਾ। ਸੰਵਾਦ ਦੌਰਾਨ ਭਾਰਤ ਤੇ ਜਪਾਨ ਆਪਣੀ ਸੁਰੱਖਿਆ ਤੇ ਰੱਖਿਆ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਸਹਿਮਤ ਹੋਏ ਹਨ। ਦੋਵੇਂ ਮੁਲਕ ਹਵਾਈ ਸੈਨਾ ਦਾ ਪਹਿਲਾ ਸਾਂਝਾ ਅਭਿਆਸ ਵੀ ਕਰਨਗੇ। ਜਪਾਨ ਵੱਲੋਂ ਕੀਤੇ ਜਾ ਰਹੇ ਆਪਣੇ ਰੱਖਿਆ ਬਲਾਂ ਦੇ ਵਿਸਤਾਰ ਤੇ ਆਧੁਨਿਕੀਕਰਨ ਦਾ ਭਾਰਤ ਨੇ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਚੁਣੌਤੀ ਪੇਸ਼ ਕਰ ਰਹੇ ਚੀਨ ਦਾ ਸਾਹਮਣਾ ਕਰਨ ਲਈ ਜਾਪਾਨ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰ ਰਿਹਾ ਹੈ। ਭਾਰਤ ਤੇ ਜਾਪਾਨ ‘ਕੁਆਡ’ ਗੱਠਜੋੜ ਦੇ ਮੈਂਬਰ ਵੀ ਹਨ ਜਿਸ ਵਿਚ ਅਮਰੀਕਾ ਤੇ ਆਸਟਰੇਲੀਆ ਵੀ ਸ਼ਾਮਲ ਹਨ। -ਪੀਟੀਆਈ
ਜੈਸ਼ੰਕਰ ਦਾ ਸਾਊਦੀ ਅਰਬ ਦੌਰਾ ਅੱਜ ਤੋਂ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਭਲਕੇ ਸ਼ਨਿਚਰਵਾਰ ਤੋਂ ਸਾਊਦੀ ਅਰਬ ਦੇ ਤਿੰਨ ਰੋਜ਼ਾ ਦੌਰੇ ’ਤੇ ਜਾਣਗੇ। ਇਸ ਦੌਰਾਨ ਉਹ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ’ਤੇ ਵਿਚਾਰ-ਚਰਚਾ ਕਰਨਗੇ। ਇਸ ਦੌਰੇ ਦੌਰਾਨ ਜੈਸ਼ੰਕਰ ਸਾਊਦੀ ਅਰਬ ਦੇ ਹਮਰੁਤਬਾ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਨਾਲ ਸਾਂਝੇ ਤੌਰ ’ਤੇ ਭਾਰਤੀ-ਸਾਊਦੀ ਅਰਬ ਰਣਨੀਤਕ ਭਾਈਵਾਲੀ ਕੌਂਸਲ ਦੇ ਢਾਂਚੇ ਤਹਿਤ ਸਥਾਪਤ ਸਿਆਸੀ, ਸੁਰੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ (ਪੀਐੱਸਐੱਸਸੀ) ਕਮੇਟੀ ਦੀ ਪਹਿਲੀ ਮੰਤਰੀ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਦੋਵੇਂ ਮੰਤਰੀ ਦੁਵੱਲੇ ਸਬੰਧਾਂ ਦੀ ਵਪਾਰਕ ਪੱਧਰ ’ਤੇ ਸਮੀਖਿਆ ਕਰਨਗੇ ਅਤੇ ਪੀਐੱਸਐੱਸਸੀ ਕਮੇਟੀ ਦੇ ਚਾਰ ਸਾਂਝੇ ਕਾਰਜਕਾਰੀ ਸਮੂਹਾਂ, ਰਾਜਨੀਤਕ ਤੇ ਦੂਤਾਵਾਸ, ਕਾਨੂੰਨ ਤੇ ਸੁਰੱਖਿਆ, ਸਮਾਜਿਕ ਤੇ ਸੱਭਿਆਚਾਰਕ ਅਤੇ ਰੱਖਿਆ ਸਹਿਯੋਗ ’ਤੇ ਸੰਯੁਕਤ ਕਮੇਟੀ ਤਹਿਤ ਹੋਏ ਵਿਕਾਸ ’ਤੇ ਚਰਚਾ ਕਰਨਗੇ। -ਪੀਟੀਆਈ
[ad_2]
0 thoughts on “ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਜਾਪਾਨ ਭਾਈਵਾਲੀ ਅਹਿਮ: ਜੈਸ਼ੰਕਰ”