ਸੰਗਰੂਰ: ਜਮਹੂਰੀ ਜਥੇਬੰਦੀਆਂ ਵਲੋਂ 26 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ
[ad_1]
ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਸਤੰਬਰ
ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰ ਲਗਾਈ ਪਾਬੰਦੀ ਦੇ ਖ਼ਿਲਾਫ਼ ਅਤੇ ਪੰਜਾਬ ਸਰਕਾਰ ਦੀਆਂ ਗੈਰ ਸੰਵਿਧਾਨਕ ਅਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਖ਼ਿਲਾਫ਼ 26 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਰੈਲੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗੀ। ਇਹ ਫੈਸਲਾ ਅੱਜ ਇਥੇ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਗਦਰ ਮੈਮੋਰੀਅਲ ਭਵਨ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਵਰਨਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਊਧਮ ਸਿੰਘ ਸੰਤੋਖਪੁਰਾ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਆਗੂ ਜੁਝਾਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਰੋਹੀ ਸਿੰਘ ਮੰਗਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਦੋਸ਼ ਲਾਇਆ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਅਦੇ ਕਰਕੇ ਅਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਸ ਦੱਸ ਕੇ ਸੱਤਾ ’ਤੇ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਪਨਿਆਂ ਨੂੰ ਪੈਰਾਂ ਹੇਠਾਂ ਰੋਲ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਅਤੇ ਬੀ ਕੇ ਦੱਤ ਵਲੋਂ ਅੰਗਰੇਜ਼ ਸਰਕਾਰ ਵਲੋਂ ਸੰਘਰਸ਼ਾਂ ਉਪਰ ਪਾਬੰਦੀਆਂ ਲਗਾਉਣ ਅਤੇ ਸੰਘਰਸ਼ਸ਼ੀਲ ਲੋਕਾਂ ਉਪਰ ਜਬਰ ਕਰਨ ਲਈ ਪਾਸ ਕੀਤੇ ਜਾ ਰਹੇ ਪਬਲਿਕ ਸੇਫਟੀ ਐਕਟ ਖਿਲਾਫ ਅਸੈਂਬਲੀ ਵਿੱਚ ਬੰਬ ਧਮਾਕੇ ਕਰਕੇ ਜਮਹੂਰੀ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ ਸੀ ਪ੍ਰੰਤੂ ਆਪ ਸਰਕਾਰ ਸੰਘਰਸ਼ਸ਼ੀਲ ਲੋਕਾਂ ਉਪਰ ਜਬਰ ਕਰਨ ਤੇ ਸੰਘਰਸ਼ ਕਰਨ ਉਪਰ ਪਾਬੰਦੀਆਂ ਲਗਾਉਣ ਦੇ ਰਾਹ ਪੈ ਗਈ ਹੈ। ਸਰਕਾਰ ਨੇ ਮੁੱਖ ਮੰਤਰੀ ਦੇ ਨਿਵਾਸ ਵਾਲੀ ਕਲੋਨੀ ਅੱਗੇ ਕੰਡਿਆਲੀ ਤਾਰ ਲਗਾ ਕੇ ਮੋਦੀ ਸਰਕਾਰ ਵਲੋਂ ਕਿਸਾਨ ਸੰਘਰਸ਼ ਦੌਰਾਨ ਸੜਕਾਂ ਉੱਪਰ ਗੱਡੇ ਲੋਹੇ ਦੇ ਕਿੱਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਸ ਰੈਲੀ ਰਾਹੀਂ ਸਰਕਾਰ ਦੇ ਅਸਲ ਚਿਹਰੇ ਨੂੰ ਲੋਕਾਂ ਵਿਚ ਬੇਪਰਦ ਕੀਤਾ ਜਾਵੇਗਾ। ਮੀਟਿੰਗ ’ਚ ਪੀਆਰਐੱਸਯੂ ਦੇ ਆਗੂ ਮਨਜੀਤ ਸਿੰਘ ਨਮੋਲ, ਪੀਐਸਯੂ ਲਲਕਾਰ ਦੇ ਆਗੂ ਬਬਲੂ, ਡੀਟੀਐੱਫ ਦੇ ਸੂਬਾ ਆਗੂ ਰਘਬੀਰ ਸਿੰਘ ਭਵਾਨੀਗੜ੍ਹ, ਨੌਜਵਾਨ ਭਾਰਤ ਸਭਾ ਦੇ ਆਗੂ ਇਨਜਿੰਦਰ ਸਿੰਘ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ, ਜਮਹੂਰੀ ਅਧਿਕਾਰ ਦੇ ਸੂਬਾ ਆਗੂ ਵਿਸ਼ਵ ਕਾਂਤ, ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਦਾਤਾ ਸਿੰਘ ਨਮੋਲ ਤੋਂ ਇਲਾਵਾ ਬਸ਼ੇਸ਼ਰ ਰਾਮ, ਜਗਰੂਪ ਸਿੰਘ ਸਿੰਘ, ਬਿਮਲ ਕੌਰ, ਯੋਗਿਤ ਰਾਣੀ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਟੈਕਨੀਕਲ ਐਂਡ ਮਕੈਨੀਕਲ ਐਂਪਲਾਇਜ਼ ਯੂਨੀਅਨ ਨੇ ਵੀ ਇਸ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਹੈ।
[ad_2]
- Previous ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਚੀਨੀ ਨਾਗਰਿਕ ਗ੍ਰਿਫ਼ਤਾਰ
- Next ਸੀਯੂਈਟੀ-ਯੂਜੀ ਦੇ ਨਤੀਜੇ ਐਲਾਨੇ: 114 ਉਮੀਦਵਾਰਾਂ ਨੇ ਚਾਰ-ਪੰਜ ਵਿਸ਼ਿਆਂ ਵਿੱਚ 100 ਫ਼ੀਸਦੀ ਅੰਕ ਹਾਸਲ ਕੀਤੇ
0 thoughts on “ਸੰਗਰੂਰ: ਜਮਹੂਰੀ ਜਥੇਬੰਦੀਆਂ ਵਲੋਂ 26 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ”