ਡਬਲਿਊਐੱਚਓ ਰਿਪੋਰਟ ਦੀ ਘੋਖ ਲਈ ਗਠਿਤ ਮਾਹਿਰਾਂ ਦੀ ਕਮੇਟੀ ਵੱਲੋਂ ਪਲੇਠੀ ਮੀਟਿੰਗ
[ad_1]
ਨਵੀਂ ਦਿੱਲੀ, 14 ਅਕਤੂਬਰ
ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਵੱਲੋਂ ਤਿਆਰ ਗੈਰਮਿਆਰੀ ਸਿਰਪ ਮਾਮਲੇ ਵਿੱਚ ਆਲਮੀ ਸਿਹਤ ਸੰਸਥਾ ਦੀ ਰਿਪੋਰਟ ਦੀ ਘੋਖ ਲਈ ਗਠਿਤ ਚਾਰ ਮੈਂਬਰੀ ਕਮੇਟੀ ਨੇ ਅੱਜ ਇਥੇ ਪਲੇਠੀ ਮੀਟਿੰਗ ਕੀਤੀ। ਕੇਂਦਰ ਸਰਕਾਰ ਵੱਲੋਂ ਬੁੱਧਵਾਰ ਨੂੰ ਗਠਿਤ ਕੀਤੀ ਕਮੇਟੀ ਵਿੱਚ ਤਕਨੀਕੀ ਮਾਹਿਰ ਡਾ.ਵਾਈ.ਕੇ. ਗੁਪਤਾ, ਡਾ.ਪ੍ਰਗਿਆ ਯਾਦਵ, ਡਾ.ਆਰਤੀ ਬਹਿਲ ਤੇ ਏ.ਕੇ. ਪ੍ਰਧਾਨ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਵਿਚਲੇ ਸੂਤਰਾਂ ਨੇ ਕਿਹਾ ਕਿ ਮਾਹਿਰਾਂ ਨੇ ਜਾਂਚ ਦੇ ਅਮਲ ਨੂੰ ਤੇਜ਼ ਕਰਨ ’ਤੇ ਵਿਚਾਰ ਚਰਚਾ ਕੀਤੀ। ਬੁੱਧਵਾਰ ਨੂੰ ਮੇਡਨ ਫਾਰਮਾਸਿਊਟੀਕਲਜ਼ ਵਿੱਚ ਖੰਘ ਦਾ ਸਿਰਪ ਤਿਆਰ ਕਰਨ ’ਤੇ ਰੋਕ ਲਾ ਦਿੱਤੀ ਗਈ ਸੀ ਜਦੋਂਕਿ ਲਏ ਗਏ ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਐਟਲਾਂਟਾ ਅਧਾਰਿਤ ਐਟਲਾਂਟਿਕ ਫਾਰਮਾਸਿਊਟੀਕਲਜ਼ ਕੰਪਨੀ ਲਿਮਟਿਡ, ਜਿਸ ਕੋਲ ਪੱਛਮੀ ਅਫ਼ਰੀਕਾ ਦੇ ਗਾਂਬੀਆ ਵਿੱਚ ਸਬੰਧਤ ਦਵਾਈਆਂ ਬਰਾਮਦ ਕਰਨ ਦੀ ਪ੍ਰਵਾਨਗੀ ਸੀ, ਨੇ ਖੰਘ ਸਿਰਪ ਦੀਆਂ ਸ਼ੀਸ਼ੀਆਂ ਦਾ ਆਰਡਰ ਦਿੱਤਾ ਸੀ, ਜੋ ਮੇਡਨ ਫਾਰਮਾਸਿਊਟੀਕਲਜ਼ ਕੋਲੋਂ ਖਰੀਦੀਆਂ ਗਈਆਂ ਸਨ। ਡਬਲਿਊਐੱਚਓ ਰਿਪੋਰਟ ਦੀ ਸਮੀਖਿਆ ਮੁਤਾਬਕ ਕੁੱਲ 23 ਨਮੂਨਿਆਂ ਵਿੱਚੋਂ ਚਾਰ ਵਿਚ ਡਾਇਥਲੀਨ ਗਲਾਈਕੋਲ ਜਾਂ ਐਥੀਲੀਨ ਗਲਾਈਕੋਲ ਮਿਲੀ ਸੀ। ਸੂਤਰਾਂ ਨੇ ਕਿਹਾ ਕਿ ਆਲਮੀ ਸਿਹਤ ਸੰਸਥਾ ਨੇ ਅਜੇ ਤੱਕ ਆਪਣੇ ਮੁਲਾਂਕਣ ਸਬੰਧੀ ਕੋਈ ਸਰਟੀਫਿਕੇਟ ਉਪਲੱਬਧ ਨਹੀਂ ਕਰਵਾਇਆ, ਪਰ ਨੇੜ ਭਵਿੱਖ ’ਚ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਹੈ। ਕਾਬਿਲੇਗੌਰ ਹੈ ਕਿ ਡਬਲਿਊਐੱਚਓ ਨੇ ਭਾਰਤ ਵਿੱਚ ਮੇਡਨ ਫਾਰਮਾਸਿਊਟੀਕਲਜ਼ ਵੱਲੋਂ ਤਿਆਰ ਖੰਘ ਤੇ ਜ਼ੁਕਾਮ ਦੇ ਚਾਰ ਸਿਰਪਾਂ ਨੂੰ ਲੈ ਕੇ ਮੈਡੀਕਲ ਅਲਰਟ ਜਾਰੀ ਕੀਤਾ ਸੀ। ਆਲਮੀ ਸੰਸਥਾ ਨੇ ਕਿਹਾ ਕਿ ਇਨ੍ਹਾਂ ਗੈਰਮਿਆਰੀ ਸਿਰਪਾਂ ਦਾ ਸਬੰਧ ਗਾਂਬੀਆ ਵਿੱਚ 66 ਬੱਚਿਆਂ ਦੀਆਂ ਮੌਤਾਂ ਨਾਲ ਹੋ ਸਕਦਾ ਹੈ। -ਏਐੱਨਆਈ
[ad_2]
- Previous ਚੰਡੀਗੜ੍ਹ: ਐੱਸਵਾਈਐੱਲ ਨਹਿਰ ਮਾਮਲੇ ’ਤੇ ਮਾਨ ਤੇ ਖੱਟਰ ਵਿਚਾਲੇ ਮੀਟਿੰਗ ਬੇਸਿੱਟਾ
- Next ਨਾਰਵੇ ’ਚੋਂ ਰੂਸੀ ਵਿਅਕਤੀ ਦੋ ਡਰੋਨਾਂ ਸਣੇ ਗ੍ਰਿਫ਼ਤਾਰ
0 thoughts on “ਡਬਲਿਊਐੱਚਓ ਰਿਪੋਰਟ ਦੀ ਘੋਖ ਲਈ ਗਠਿਤ ਮਾਹਿਰਾਂ ਦੀ ਕਮੇਟੀ ਵੱਲੋਂ ਪਲੇਠੀ ਮੀਟਿੰਗ”