ਰੂਸ ਵੱਲੋਂ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਪਲਾਈ ਦੀ ਪੇਸ਼ਕਸ਼
[ad_1]
ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 12 ਸਤੰਬਰ
ਰੂਸੀ ਤੇਲ ਦੀਆਂ ਕੀਮਤਾਂ ਮਿੱਥਣ ਲਈ ਅਮਰੀਕਾ ਵੱਲੋਂ ਭਾਰਤ ਨੂੰ ਜੀ-7 ਸਮੂਹ ਦੀ ਯੋਜਨਾ ਦਾ ਹਿੱਸਾ ਬਣਨ ਲਈ ਕਹਿਣ ਤੋਂ ਬਾਅਦ ਹੁਣ ਰੂਸ ਨੇ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਥਿਰ ਸਪਲਾਈ ਦੀ ਪੇਸ਼ਕਸ਼ ਕਰ ਦਿੱਤੀ ਹੈ। ਹਾਲਾਂਕਿ ਸਸਤੇ ਰੂਸੀ ਤੇਲ ਨੂੰ ਇਰਾਨ ਤੋਂ ਟੱਕਰ ਮਿਲ ਸਕਦੀ ਹੈ। ਇਰਾਨ ਵੀ ਭਾਰਤ ਨੂੰ ਤੇਲ ਬਰਾਮਦ ਕਰਨਾ ਸ਼ੁਰੂ ਕਰਨਾ ਚਾਹੁੰਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਉਤੇ ਇਸੇ ਹਫ਼ਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਵਿਚਾਲੇ ਚਰਚਾ ਹੋ ਸਕਦੀ ਹੈ। ਭਾਰਤ ਨੇ ਰੂਸ ਤੋਂ ਬਾਜ਼ਾਰੀ ਮੁੱਲ ਤੋਂ ਘੱਟ ਕੀਮਤ ਵਿਚ ਤੇਲ ਖ਼ਰੀਦਿਆ ਹੈ, ਪਰ ਕੁਝ ਮਹੀਨਿਆਂ ਦੌਰਾਨ ਰੂਸ ਵੱਲੋਂ ਦਿੱਤੀ ਛੋਟ ਘਟੀ ਹੈ। ਮਈ ਵਿਚ ਰੂਸ ਪ੍ਰਤੀ ਬੈਰਲ ਉਤੇ 16 ਡਾਲਰ, ਜੂਨ ਵਿਚ 14 ਡਾਲਰ, ਜੁਲਾਈ ਵਿਚ 12 ਡਾਲਰ ਤੇ ਅਗਸਤ ਵਿਚ ਛੇ ਡਾਲਰ ਦੀ ਹੀ ਛੋਟ ਦੇ ਰਿਹਾ ਸੀ। ਰੂਸੀ ਤੇਲ ਦਾ ਇਰਾਕ ਨਾਲ ਵੀ ਮੁਕਾਬਲਾ ਚੱਲ ਰਿਹਾ ਸੀ। ਇਰਾਕੀ ਤੇਲ ਜੁਲਾਈ ਵਿਚ 20 ਡਾਲਰ ਦੀ ਛੋਟ ’ਤੇ ਮਿਲ ਰਿਹਾ ਸੀ। ਇਰਾਕ ਨੇ ਵੀ ਭਾਰਤੀ ਬਾਜ਼ਾਰ ਵਿਚ ਪੈਰ ਪਸਾਰੇ ਹਨ। ਸਾਊਦੀ ਅਰਬ ਤੇ ਇਰਾਕ ਤੋਂ ਬਾਅਦ ਹੁਣ ਭਾਰਤ ਲਈ ਰੂਸ ਤੀਜਾ ਵੱਡਾ ਸਪਲਾਇਰ ਹੈ। ਭਾਰਤ ਹਾਲਾਂਕਿ ਰੂਸ ਦੀ ਪੇਸ਼ਕਸ਼ ਉਤੇ ਵਿਚਾਰ ਕਰ ਸਕਦਾ ਹੈ ਜੋ ਸਥਿਰ ਸਪਲਾਈ ਦੇਣਾ ਚਾਹੁੰਦਾ ਹੈ। ਇਸ ਨਾਲ ਭਾਰਤ ਦੀ ਪੱਛਮੀ ਏਸ਼ੀਆ ’ਤੇ ਨਿਰਭਰਤਾ ਘਟੇਗੀ।
ਭਾਰਤ ਨੇ ਯੂਕਰੇਨ ਨੂੰ ਮਦਦ ਦੀ 12ਵੀਂ ਖੇਪ ਭੇਜੀ
ਮਾਸਕੋ: ਭਾਰਤ ਨੇ ਯੂਕਰੇਨ ਨੂੰ ਮਦਦ ਦੀ 12ਵੀਂ ਖੇਪ ਭੇਜੀ ਹੈ। ਇਸ ਵਿਚ ਜ਼ਰੂਰੀ ਦਵਾਈਆਂ ਤੇ ਉਪਕਰਨ ਸ਼ਾਮਲ ਹਨ। ਭਾਰਤ ਜੰਗ ਕਾਰਨ ਵਿੱਤੀ ਸੰਕਟ ’ਚ ਘਿਰੇ ਯੂਕਰੇਨ ਦੀ ਮਦਦ ਕਰ ਰਿਹਾ ਹੈ। ਭਾਰਤ ਨੇ ਪਹਿਲੀ ਮਾਰਚ ਨੂੰ ਪੋਲੈਂਡ ਰਾਹੀਂ ਯੂਕਰੇਨ ਨੂੰ ਮਦਦ ਭੇਜੀ ਸੀ। ਇਸ ਵਿਚ ਦਵਾਈਆਂ ਤੇ ਹੋਰ ਰਾਹਤ ਸਮੱਗਰੀ ਸ਼ਾਮਲ ਸੀ। ਕੀਵ ਵਿਚ ਭਾਰਤ ਦੇ ਰਾਜਦੂਤ ਹਰਸ਼ ਕੁਮਾਰ ਜੈਨ ਨੇ ਅੱਜ ਰਾਹਤ ਸਮੱਗਰੀ ਸੌਂਪਦੇ ਵੇਲੇ ਇਕ ਫੋਟੋ ਟਵੀਟ ਕੀਤੀ ਹੈ। -ਪੀਟੀਆਈ
[ad_2]
- Previous ‘ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ’: ਬਰਤਾਨੀਆ ਤੋਂ ਵਾਪਸ ਲਿਆਉਣ ਲਈ ਮੁਰਮੂ ਨੂੰ ਅਪੀਲ
- Next ਬਰਨਾਲਾ: ਕੌਮਾਂਤਰੀ ਵੱਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
0 thoughts on “ਰੂਸ ਵੱਲੋਂ ਭਾਰਤ ਨੂੰ ਸਸਤੇ ਕੱਚੇ ਤੇਲ ਦੀ ਸਪਲਾਈ ਦੀ ਪੇਸ਼ਕਸ਼”