ਰੂਸੀ ਫ਼ੌਜ ਹੱਥੋਂ ਲੀਮਾਨ ਸ਼ਹਿਰ ਖੁੱਸਿਆ; ਜ਼ੇਲੈਂਸਕੀ ਦੇ ਪਿੱਤਰੀ ਕਸਬੇ ’ਤੇ ਹਮਲੇ
[ad_1]
ਕੀਵ, 2 ਅਕਤੂਬਰ
ਯੂਕਰੇਨ ਵੱਲੋਂ ਰਣਨੀਤਕ ਤੌਰ ’ਤੇ ਅਹਿਮ ਪੂਰਬੀ ਸ਼ਹਿਰ ਲੀਮਾਨ ਨੂੰ ਆਪਣੇ ਕਬਜ਼ੇ ’ਚ ਲਏ ਜਾਣ ਮਗਰੋਂ ਰੂਸ ਨੇ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਗ੍ਰਹਿ ਨਗਰ ਕ੍ਰੀਵੀ ਰੀਹ ’ਤੇ ਐਤਵਾਰ ਨੂੰ ਆਤਮਘਾਤੀ ਡਰੋਨਾਂ ਨਾਲ ਹਮਲੇ ਕੀਤੇ ਹਨ। ਲੀਮਾਨ ਹੱਥੋਂ ਖੁੱਸਣ ਕਰਕੇ ਰੂਸ ਨੂੰ ਵੱਡਾ ਝਟਕਾ ਲੱਗਾ ਹੈ। ਜ਼ੇਲੈਂਸਕੀ ਨੇ ਰਾਤ ਨੂੰ ਆਪਣੇ ਸੰਬੋਧਨ ’ਚ ਦਾਅਵਾ ਕੀਤਾ ਕਿ ਲੀਮਾਨ ’ਤੇ ਯੂਕਰੇਨੀ ਝੰਡਾ ਲਹਿਰਾ ਰਿਹਾ ਹੈ। ਯੂਕਰੇਨੀ ਫ਼ੌਜ ਵੱਲੋਂ ਸ਼ਹਿਰ ਦੀ ਘੇਰਾਬੰਦੀ ਕੀਤੇ ਜਾਣ ਮਗਰੋਂ ਰੂਸ ਨੂੰ ਆਪਣੀ ਫ਼ੌਜ ਪਿੱਛੇ ਹਟਾਉਣੀ ਪਈ। ਬ੍ਰਿਟਿਸ਼ ਫ਼ੌਜ ਨੇ ਇਸ ਨੂੰ ਮਾਸਕੋ ਲਈ ਵੱਡਾ ਸਿਆਸੀ ਝਟਕਾ ਕਰਾਰ ਦਿੱਤਾ ਹੈ। ਇਸ ਸਫ਼ਲਤਾ ਨਾਲ ਹੁਣ ਯੂਕਰੇਨੀ ਫ਼ੌਜ ਰੂਸ ਵੱਲੋਂ ਕਬਜ਼ੇ ਕੀਤੇ ਗਏ ਇਲਾਕਿਆਂ ਅੰਦਰ ਦਾਖ਼ਲ ਹੋ ਸਕੇਗੀ। ਲੀਮਾਨ ਸਰਹੱਦ ਨੇੜੇ ਦੋਨੇਤਸਕ ਖ਼ਿੱਤੇ ’ਚ ਪੈਂਦਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਡੋਨਬਾਸ ’ਚ ਕਈ ਥਾਵਾਂ ’ਤੇ ਯੂਕਰੇਨੀ ਝਡੇ ਲਹਿਰਾ ਰਹੇ ਹਨ। ਉਧਰ ਜ਼ੇਲੈਂਸਕੀ ਦੇ ਗ੍ਰਹਿ ਨਗਰ ਦੇ ਇਕ ਸਕੂਲ ਨੂੰ ਰੂਸੀ ਫ਼ੌਜ ਨੇ ਨਿਸ਼ਾਨਾ ਬਣਾਇਆ ਅਤੇ ਉਸ ਦੀਆਂ ਦੋ ਮੰਜ਼ਿਲਾਂ ਤਬਾਹ ਹੋ ਗਈਆਂ। ਰੂਸ ਵੱਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਇਰਾਨ ਨਿਰਮਿਤ ਆਤਮਘਾਤੀ ਡਰੋਨਾਂ ਦੀ ਯੂਕਰੇਨ ’ਚ ਵਰਤੋਂ ਕੀਤੀ ਗਈ ਹੈ। ਯੂਕਰੇਨੀ ਹਵਾਈ ਫ਼ੌਜ ਨੇ ਪੰਜ ਡਰੋਨਾਂ ਨੂੰ ਮਾਰ ਸੁੱਟਿਆ ਜਦਕਿ ਦੋ ਹੋਰ ਨਿਕਲਣ ’ਚ ਕਾਮਯਾਬ ਰਹੇ। ਅਧਿਕਾਰੀਆਂ ਨੇ ਕਿਹਾ ਕਿ ਰੂਸ ਨੇ ਐਤਵਾਰ ਨੂੰ ਜ਼ਾਪੋਰਿਜ਼ੀਆ ਸ਼ਹਿਰ ’ਤੇ ਵੀ ਹਮਲੇ ਕੀਤੇ ਹਨ। ਯੂਕਰੇਨੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਚਰਨੀਹੀਵ ’ਚ ਰੂਸੀ ਗੋਲਾ-ਬਾਰੂਦ ਦੇ ਡਿਪੂ ’ਤੇ ਹਮਲਾ ਕੀਤਾ। -ਏਪੀ
ਪੋਪ ਵੱਲੋਂ ਪੂਤਿਨ ਨੂੰ ਯੂਕਰੇਨ ’ਚ ਹਿੰਸਾ ਰੋਕਣ ਦੀ ਅਪੀਲ
ਵੈਟੀਕਨ ਸਿਟੀ: ਪੋਪ ਫਰਾਂਸਿਸ ਨੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ’ਚ ‘ਹਿੰਸਾ ਅਤੇ ਮੌਤ ਦੇ ਚੱਕਰ ਨੂੰ ਰੋਕਣ’ ਦੀ ਅਪੀਲ ਕੀਤੀ ਹੈ। ਉਨ੍ਹਾਂ ਪਰਮਾਣੂ ਜੰਗ ਦੇ ਜੋਖਮ ਦੀ ਨਿਖੇਧੀ ਕਰਦਿਆਂ ਇਸ ਖ਼ਤਰੇ ਨੂੰ ਬੇਤੁਕਾ ਕਰਾਰ ਦਿੱਤਾ। ਪੋਪ ਫਰਾਂਸਿਸ ਨੇ ਸੇਂਟ ਪੀਟਰਜ਼ ਸਕੁਏਅਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਜੰਗ ਦੇ ਸਬੰਧ ’ਚ ਆਪਣੀ ਸਭ ਤੋਂ ਮਜ਼ਬੂਤ ਅਪੀਲ ਕੀਤੀ। ਪੋਪ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਗੰਭੀਰ ਸ਼ਾਂਤੀ ਤਜਵੀਜ਼ਾਂ ’ਤੇ ਵੀ ਵਿਚਾਰ ਕਰਨ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਜੰਗ ਨੂੰ ਖ਼ਤਮ ਕਰਨ ਲਈ ਸਾਰੇ ਕੂਟਨੀਤਕ ਸਾਧਨਾਂ ਦੀ ਵਰਤੋਂ ਕਰਨ ਦਾ ਵੀ ਸੱਦਾ ਦਿੱਤਾ। -ਏਪੀ
ਨੌਂ ਨਾਟੋ ਮੈਂਬਰਾਂ ਵੱਲੋਂ ਯੂਕਰੇਨ ਦੀ ਮਦਦ ਦਾ ਐਲਾਨ
ਪਰਾਗ: ਨੌਂ ਯੂਰੋਪੀ ਨਾਟੋ ਮੈਂਬਰ ਮੁਲਕਾਂ ਦੇ ਮੁਖੀਆਂ ਨੇ ਅੱਜ ਸਾਂਝਾ ਬਿਆਨ ਜਾਰੀ ਕਰਦਿਆਂ ਯੂਕਰੇਨ ਨੂੰ ਨਾਟੋ ਮੈਂਬਰ ਬਣਾਏ ਜਾਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਸਾਰੇ ਨਾਟੋ ਮੁਲਕਾਂ ਨੂੰ ਕੀਵ ਲਈ ਫੌਜੀ ਮਦਦ ਭੇਜਣ ਦਾ ਵੀ ਸੱਦਾ ਦਿੱਤਾ। ਇਨ੍ਹਾਂ ਨਾਟੋ ਮੁਲਕਾਂ ਨੇ ਕਿਹਾ ਕਿ ਜੇਕਰ ਰੂਸ ਨੂੰ ਯੂਕਰੇਨ ’ਚ ਨਾ ਰੋਕਿਆ ਗਿਆ ਤਾਂ ਉਸ ਦਾ ਅਗਲਾ ਨਿਸ਼ਾਨਾ ਉਨ੍ਹਾਂ ਦੇ ਮੁਲਕ ਹੋ ਸਕਦੇ ਹਨ। ਇਸੇ ਦੌਰਾਨ ਜਰਮਨੀ ਦੇ ਰੱਖਿਆ ਮੰਤਰੀ ਕ੍ਰਿਸਟੀਨ ਲੈਂਬਰੈਖਟ ਨੇ ਐਲਾਨ ਕੀਤਾ ਕਿ ਸਲੋਵਾਕੀਆ ’ਚ ਬਣੀਆਂ 16 ਤੋਪਾਂ ਯੂਕਰੇਨ ਨੂੰ ਅਗਲੇ ਸਾਲ ਦਿੱਤੀਆਂ ਜਾਣਗੀਆਂ। -ਏਪੀ
[ad_2]
- Previous ਉੱਤਰ ਪ੍ਰਦੇਸ਼: ਦੁਰਗਾ ਪੂਜਾ ਵਾਲੇ ‘ਪੰਡਾਲ’ ਵਿੱਚ ਅੱਗ ਲੱਗੀ; 42 ਜਣੇ ਝੁਲਸੇ
- Next ਪਾਕਿ ਦੂਤਾਵਾਸ ਵੱਲੋਂ ਪੈਦਲ ਹੱਜ ਯਾਤਰੀ ਨੂੰ ਵੀਜ਼ਾ ਦੇਣ ਤੋਂ ਇਨਕਾਰ
0 thoughts on “ਰੂਸੀ ਫ਼ੌਜ ਹੱਥੋਂ ਲੀਮਾਨ ਸ਼ਹਿਰ ਖੁੱਸਿਆ; ਜ਼ੇਲੈਂਸਕੀ ਦੇ ਪਿੱਤਰੀ ਕਸਬੇ ’ਤੇ ਹਮਲੇ”