Loader

ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਮਿਲਿਆ

00
ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਮਿਲਿਆ

[ad_1]

ਨਵੀਂ ਦਿੱਲੀ, 10 ਅਕਤੂਬਰ

ਮੁੱਖ ਅੰਸ਼

  • ਅੰਧੇਰੀ (ਪੂਰਬੀ) ਹਲਕੇ ਦੀ ਜ਼ਿਮਨੀ ਚੋਣ ਲਈ ਦੋਵਾਂ ਧੜਿਆਂ ਨੂੰ ਨਵੇਂ ਨਾਂ ਅਲਾਟ, ਸ਼ਿੰਦੇ ਧੜੇ ਤੋਂ ਚੋਣ ਨਿਸ਼ਾਨਾਂ ਦੀ ਨਵੀਂ ਸੂਚੀ ਮੰਗੀ

ਚੋਣ ਕਮਿਸ਼ਨ ਨੇ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ। ਕਮਿਸ਼ਨ ਨੇ ਧਾਰਮਿਕ ਭਾਵ ਅਰਥ ਦੇ ਹਵਾਲੇ ਨਾਲ ਦੋਵਾਂ ਧੜਿਆਂ ਨੂੰ ਤ੍ਰਿਸ਼ੂਲ ਤੇ ਗੁਰਜ ਚੋਣ ਨਿਸ਼ਾਨ ਦੇਣ ਤੋਂ ਨਾਂਹ ਕਰ ਦਿੱਤੀ। ਠਾਕਰੇ ਧੜੇ ਨੇ ਚੋਣ ਕਮਿਸ਼ਨ ਤੋਂ ਮਸ਼ਾਲ, ਤ੍ਰਿਸ਼ੂਲ ਤੇ ਚੜ੍ਹਦਾ ਸੂਰਜ ਜਦੋਂਕਿ ਸ਼ਿੰਦੇ ਧੜੇ ਨੇ ‘ਗਦਾ’ (ਗੁਰਜ), ਤਲਵਾਰ ਤੇ ਬਿਗਲ ਚੋਣ ਨਿਸ਼ਾਨਾਂ ’ਚੋਂ ਕੋਈ ਇਕ ਅਲਾਟ ਕੀਤੇ ਜਾਣ ਦੀ ਮੰਗ ਕੀਤੀ ਸੀ। ਅਸਲ ਸ਼ਿਵ ਸੈਨਾ ਬਾਰੇ ਦਾਅਵਿਆਂ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਚੋਣ ਕਮਿਸ਼ਨ ਨੇ ਅੰਧੇਰੀ (ਪੂਰਬੀ) ਹਲਕੇ ਦੀ ਜ਼ਿਮਨੀ ਚੋਣ ਲਈ ਠਾਕਰੇ ਧੜੇ ਨੂੰ ‘ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ’ ਜਦੋਂਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਦੂਜੇ ਧੜੇ ਨੂੰ ‘ਬਾਲਾਸਾਹਿਬਆਂਚੀ ਸ਼ਿਵ ਸੈਨਾ (ਬਾਲਾਸਾਹਿਬ ਦੀ ਸ਼ਿਵ ਸੈਨਾ) ਨਾਮ ਅਲਾਟ ਕੀਤਾ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਦੋਵਾਂ ਧੜਿਆਂ ਨੇ ‘ਚੜ੍ਹਦਾ ਸੂਰਜ’ ਚੋਣ ਨਿਸ਼ਾਨ ਵੀ ਮੰਗਿਆ ਸੀ, ਪਰ ਇਹ ਨਿਸ਼ਾਨਾ ਪਹਿਲਾਂ ਹੀ ਤਾਮਿਲ ਨਾਡੂ ਤੇ ਪੁੱਡੂਚੇਰੀ ਵਿੱਚ ਡੀਐੱਮਕੇ ਪਾਰਟੀ ਲਈ ਰਾਖਵਾਂ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਮੰਗਲਵਾਰ ਸਵੇਰੇ 10 ਵਜੇ ਤੱਕ ਤਿੰਨ ਚੋਣ ਨਿਸ਼ਾਨਾਂ ਦੀ ਸੱਜਰੀ ਸੂਚੀ ਦਾਖ਼ਲ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸਿਆਸੀ ਪਾਰਟੀਆਂ ਨੂੰ ਧਾਰਮਿਕ ਚਿੰਨ੍ਹਾਂ ਨਾਲ ਜੁੜੇ ਚੋਣ ਨਿਸ਼ਾਨ ਅਲਾਟ ਕਰਨ ਦੇ ਸਖ਼ਤ ਖਿਲਾਫ਼ ਹਨ। ਸ਼ਿਵ ਸੈਨਾ ਦੇ ਰਵਾਇਤੀ ਧੜਿਆਂ ਨੇ ਚੋਣ ਨਿਸ਼ਾਨ ਵਜੋਂ ਤ੍ਰਿਸ਼ੂਲ ਤੇ ਚੜ੍ਹਦੇ ਸੂਰਜ ਦੀ ਮੰਗ ਕੀਤੀ ਸੀ। ਚੋਣ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 14 ਅਕਤੂਬਰ ਹੈ।

ਉਧਰ ਠਾਕਰੇ ਧੜੇ ਨੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ‘ਸ਼ਿਵ ਸੈਨਾ- ਊਧਵ ਬਾਲਾਸਾਹਿਬ ਠਾਕਰੇ’ ਨਾਮ ਅਲਾਟ ਕੀਤੇ ਜਾਣ ’ਤੇ ਤਸੱਲੀ ਜ਼ਾਹਰ ਕੀਤੀ ਹੈ। ਠਾਕਰੇ ਦੇ ਵਫ਼ਾਦਾਰ ਤੇ ਮਹਾਰਾਸ਼ਟਰ ਸਰਕਾਰ ’ਚ ਸਾਬਕਾ ਮੰਤਰੀ ਭਾਸਕਰ ਜਾਧਵ ਨੇ ਕਿਹਾ, ‘‘ਅਸੀਂ ਖ਼ੁਸ਼ ਹਾਂ ਕਿ ਨਵੇਂ ਨਾਮ ਵਿੱਚ ਤਿੰਨ ਨਾਵਾਂ- ਊਧਵ ਜੀ, ਬਾਲਾਸਾਹਿਬ ਤੇ ਠਾਕਰੇ, ਜੋ ਸਾਡੇ ਲਈ ਸਭ ਤੋਂ ਵੱਧ ਅਹਿਮ ਹਨ, ਨੂੰ ਕਾਇਮ ਰੱਖਿਆ ਗਿਆ ਹੈ।’’ -ਪੀਟੀਆਈ

ਚੋਣ ਕਮਿਸ਼ਨ ਦੇ ‘ਜ਼ਾਲਮਾਨਾ’ ਫੈਸਲੇ ਕਰ ਕੇ ਜ਼ੋਰਦਾਰ ਵਾਪਸੀ ਕਰਾਂਗੇ: ਊਧਵ ਧੜਾ

ਮੁੰਬਈ: ਸ਼ਿਵ ਸੈਨਾ ਨੇ ਚੋਣ ਕਮਿਸ਼ਨ ਵੱਲੋਂ ਪਾਰਟੀ ਦਾ ਨਾਮ ਤੇ ਚੋਣ ਨਿਸ਼ਾਨ ਫਰੀਜ਼ ਕੀਤੇ ਜਾਣ ਦੇ ਹਵਾਲੇ ਨਾਲ ਅੱਜ ਕਿਹਾ ਕਿ ਇਹ ‘ਧੁਖਦੀ ਅੱਗ’ ਹੈ, ਜਿਸ ਨੂੰ ਕਦੇ ਬੁਝਾਇਆ ਨਹੀਂ ਜਾ ਸਕਦਾ। ਪਾਰਟੀ ਨੇ ਕਿਹਾ ਕਿ ਚੋਣ ਨਿਸ਼ਾਨ ਫਰੀਜ਼ ਕਰਨਾ ਕਿਸੇ ਅਨਿਆਂ ਤੋਂ ਘੱਟ ਨਹੀਂ ਹੈ, ਪਰ ਉਹ ‘ਜ਼ੋਰਦਾਰ ਵਾਪਸੀ’ ਕਰੇਗੀ। ਪਾਰਟੀ ਨੇ ਆਪਣੇ ਪਰਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਕਿਹਾ, ‘‘ਇਹ (ਚੋਣ ਕਮਿਸ਼ਨ ਦਾ ਫੈਸਲਾ) ਦਿੱਲੀ ਦਾ ਪਾਪ ਹੈ। ਬੇਈਮਾਨ ਲੋਕਾਂ ਨੇ ਇਹ ਬੇਈਮਾਨੀ ਕੀਤੀ ਹੈ। ਪਰ ਅਸੀਂ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਬੇਸ਼ੁਮਾਰ ਮੁਸੀਬਤਾਂ ਦੇ ਬਾਵਜੂਦ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ।’’ ਚੋਣ ਕਮਿਸ਼ਨ ਨੇ ‘ਗੱਦਾਰ’ (ਮਹਾਰਾਸ਼ਟਰ ਦੇ ਮੁੱਖ ਮੰਤਰੀ) ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਵੱਲੋਂ ਜਤਾਏ ਉਜਰਾਂ ਕਰਕੇ ਸ਼ਿਵ ਸੈਨਾ ਨੂੰ ਖ਼ਤਮ ਕਰਨ ਦਾ ‘ਜ਼ਾਲਮਾਨਾ’ ਫੈਸਲਾ ਲਿਆ, ਜਿਸ ਦੇ ਬਾਨੀ ਬਾਲ ਠਾਕਰੇ ਹਨ।’’ ਸੰਪਾਦਕੀ ਵਿੱਚ ਅੱਗੇ ਲਿਖਿਆ, ‘‘ਇਸ ਫੈਸਲੇ ਨਾਲ ਚੋਣ ਕਮਿਸ਼ਨ ਨੇ ਮਹਾਰਾਸ਼ਟਰ ਵਿੱਚ ਅੰਧਕਾਰ ਦਾ ਪ੍ਰਸਾਰ ਕੀਤਾ ਹੈ। 56 ਸਾਲ ਪਹਿਲਾਂ ਬਾਲਾਸਾਹਿਬ ਠਾਕਰੇ ਨੇ ਮਰਾਠੀਆਂ ਦੀ ਪਛਾਣ ਤੇ ਮਰਾਠੀ ਬੋਲਦੀ ਅਬਾਦੀ ਨੂੰ ਨਿਆਂ ਦਿਵਾਉਣ ਲਈ ਅੱਗ ਬਾਲੀ ਸੀ। ਪਰ ਏਕਨਾਥ ਸ਼ਿੰਦੇ ਤੇ 40 ਹੋਰ ਗੱਦਾਰ ਸ਼ਿਵ ਸੈਨਾ ਨੂੰ ਖ਼ਤਮ ਕਰਨ ਲਈ ਦਿੱਲੀ (ਕੇਂਦਰ) ਦੇ ਗ਼ੁਲਾਮ ਬਣ ਗ ਹਨ।’’ ਇਤਿਹਾਸ ਵਿੱਚ ਸ਼ਿੰਦੇ ਤੇ ਉਨ੍ਹਾਂ ਦੇ ਧੜੇ ਦੇ ਵਿਧਾਇਕਾਂ ਦਾ ਨਾਮ ‘ਕਾਲੀ ਸਿਆਹੀ’ ਨਾਲ ਲਿਖਿਆ ਜਾਵੇਗਾ। -ਪੀਟੀਆਈ

ਸੈਨਾ ਲਈ ‘ਇਨਕਲਾਬੀ’ ਸਾਬਤ ਹੋਵੇਗਾ ਨਵਾਂ ਚੋਣ ਨਿਸ਼ਾਨ: ਰਾਊਤ

ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਆਸ ਜਤਾਈ ਕਿ ਨਵਾਂ ਚੋਣ ਨਿਸ਼ਾਨ ਪਾਰਟੀ ਲਈ ‘ਇਨਕਲਾਬੀ’ ਸਾਬਤ ਹੋਣ ਦੇ ਨਾਲ ਪਾਰਟੀ ਵਿੱਚ ਨਵੀਂ ਊਰਜਾ ਭਰੇਗਾ ਤੇ ਉਸ ਨੂੰ ਭਵਿੱਖ ਲਈ ਹੋਰ ਮਜ਼ਬੂਤ ਬਣਾਏਗਾ। ਆਪਣੀ ਜ਼ਮਾਨਤ ਨਾਲ ਜੁੜੇ ਕੇਸ ਵਿੱਚ ਕੋਰਟ ਲਿਆਂਦੇ ਗਏ ਰਾਊਤ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੈਰਰਸਮੀ ਮੁਲਾਕਾਤ ਦੌਰਾਨ ਇਹ ਗੱਲ ਕਹੀ। ਪੱਤਰਕਾਰਾਂ ਨੇ ਉਨ੍ਹਾਂ ਨੂੰ ਪਾਰਟੀ ਦਾ ਅਧਿਕਾਰਤ ਚੋਣ ਨਿਸ਼ਾਨ ‘ਤੀਰ ਕਮਾਨ’ ਫਰੀਜ਼ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਇਹ ਕੋਈ ਪਹਿਲੀ ਵਾਰ ਨਹੀਂ ਹੈ…ਬੀਤੇ ਵਿੱਚ ਇੰਦਰਾ ਗਾਂਧੀ ਨੂੰ ਵੀ ਅਜਿਹੇ ਹਾਲਾਤ ’ਚੋਂ ਲੰਘਣਾ ਪਿਆ ਸੀ। ਕਾਂਗਰਸ ਦਾ ਚੋਣ ਨਿਸ਼ਾਨ ਤਿੰਨ ਵਾਰ ਫਰੀਜ਼ ਕੀਤਾ ਗਿਆ ਤੇ ਜਨਤਾ ਦਲ ਨਾਲ ਵੀ ਇਕ ਵਾਰ ਅਜਿਹਾ ਹੋ ਚੁੱਕਾ ਹੈ।’’ ਰਾਊਤ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪਾਰਟੀ ਦਾ ਨਾਮ ‘ਸ਼ਿਵ ਸੈਨਾ’ ਫਰੀਜ਼ ਕੀਤੇ ਜਾਣ ਨਾਲ ਕੋਈ ਫ਼ਰਕ ਨਹੀਂ ਪਏਗਾ, ਕਿਉਂਕਿ ਪਾਰਟੀ ਦੀ ਭਾਵਨਾ ਤੇ ਜੋਸ਼ ਪਹਿਲਾਂ ਵਾਲਾ ਹੀ ਰਹੇਗਾ, ਅਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਪਾਰਟੀ ਕਿਸ ਦੀ ਹੈ।’’ ਰਾਊਤ ਨੇ ਦਾਅਵਾ ਕੀਤਾ, ‘‘ਮੁੱਖ ਮੰਤਰੀ ਏਕਨਾਥ ਸ਼ਿੰਦੇ ਧੜੇ ਲਈ ਅੰਧੇਰੀ (ਪੂਰਬੀ) ਜ਼ਿਮਨੀ ਚੋਣ ਤੋਂ ਪਹਿਲਾਂ ਸ਼ਿਵ ਸੈਨਾ ਦਾ ਨਾਮ ਤੇ ਚੋਣ ਨਿਸ਼ਾਨ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ…ਪੂਰਾ ਮਹਾਰਾਸ਼ਟਰ ਸ਼ਿੰਦੇ ਧੜੇ ਤੋਂ ਖ਼ਫ਼ਾ ਹੈ।’’ ਰਾਊਤ 1 ਅਗਸਤ ਨੂੰ ਈਡੀ ਵੱਲੋਂ ਮਨੀ ਲਾਂਡਰਿੰਗ ਕੇਸ ’ਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਮੌਜੂਦਾ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। -ਆਈਏਐੱਨਐੱਸ[ad_2]

ਇਹ ਖ਼ਬਰ ਕਿਥੋਂ ਲਈ ਗਈ ਹੈ

Tags

Subscription For Radio Chann Pardesi