‘ਜਨਰਲ ਕਮਰ ਜਾਵੇਦ ਬਾਜਵਾ ਨੂੰ ਕੀਤੀ ਗਈ ਸੀ ਮੁਨਾਫੇ ਵਾਲੀ ਪੇਸ਼ਕਸ਼’
[ad_1]
ਇਸਲਾਮਾਬਾਦ, 27 ਅਕਤੂਬਰ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੇ ਅੱਜ ਕਿਹਾ ਕਿ ਸਿਆਸੀ ਘਮਸਾਣ ਵਿਚਾਲੇ ਤਤਕਾਲੀ ਸਰਕਾਰ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਮਾਰਚ ਵਿੱਚ ਇਕ ‘ਮੁਨਾਫੇ ਵਾਲੀ ਪੇਸ਼ਕਸ਼’ ਕੀਤੀ ਸੀ। ਦੇਸ਼ ਦੇ ਚੋਟੀ ਦੇ ਸ਼ਕਤੀਸ਼ਾਲੀ ਜਾਸੂਸ ਨੇ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਸੇਧਿਆ। ਇਸੇ ਦੌਰਾਨ ਉਨ੍ਹਾਂ ਪੁਸ਼ਟੀ ਕੀਤੀ ਕਿ ਕੀਨੀਆ ਵਿੱਚ ਮਾਰਿਆ ਗਿਆ ਪੱਤਰਕਾਰ ਅਰਸ਼ਦ ਸ਼ਰੀਫ ਦੇਸ਼ ਤੋਂ ਬਾਹਰ ਹੋਣ ’ਤੇ ਵੀ ਫ਼ੌਜੀ ਸੰਸਥਾ ਦੇ ਸੰਪਰਕ ਵਿੱਚ ਸੀ ਪਰ ਪਾਕਿਸਤਾਨ ਨੂੰ ਉਸ ਦੀ ਹੱਤਿਆ ਨੂੰ ਲੈ ਕੇ ਬਣਾਈ ਗਈ ਕਹਾਣੀ ’ਤੇ ਵਿਸ਼ਵਾਸ ਨਹੀਂ ਹੈ, ਇਸ ਵਾਸਤੇ ਸਰਕਾਰ ਨੇ ਇਕ ਟੀਮ ਬਣਾਈ ਹੈ ਜੋ ਕੀਨੀਆ ਜਾਵੇਗੀ।
ਪਾਕਿਸਤਾਨ ਦੇ ਇਤਿਹਾਸ ਵਿੱਚ ਕਿਸੇ ਵੀ ਆਈਐੱਸਆਈ ਮੁਖੀ ਵੱਲੋਂ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਲੈਫਟੀਨੈਂਟ ਜਨਰਲ ਅੰਜੁਮ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਮੌਜੂਦਗੀ ਤੋਂ ਹੈਰਾਨ ਹੋ।’’ ਇਹ ਪ੍ਰੈੱਸ ਕਾਨਫਰੰਸ ਉਦੋਂ ਹੋਈ ਹੈ ਜਦੋਂ ਕੀਨੀਆ ਵਿੱਚ ਪੱਤਰਕਾਰ ਅਰਸ਼ਦ ਦੀ ਹੱਤਿਆ ਨੂੰ ਲੈ ਕੇ ਦੇਸ਼ ਵਿੱਚ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ। ਸ਼ਰੀਫ ਦੀ ਐਤਵਾਰ ਰਾਤ ਨੂੰ ਕੀਨੀਆ ਵਿੱਚ ਇਕ ਪੁਲੀਸ ਚੌਕੀ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਦੇਸ਼ ਵਿੱਚ ਹਾਹਾਕਾਰ ਮੱਚ ਗਈ। ਕੀਨੀਆ ਪੁਲੀਸ ਨੇ ਬਾਅਦ ਵਿੱਚ ਕਿਹਾ ਕਿ ਇਹ ‘ਗਲਤ ਪਛਾਣ’ ਦਾ ਮਾਮਲਾ ਸੀ। ਲੈਫਟੀਨੈਂਟ ਜਨਰਲ ਅੰਜੁਮ ਨੇ ਕਿਹਾ, ‘‘ਜਦੋਂ ਜ਼ਰੂਰਤ ਹੋਵੇਗੀ ਤੇ ਜਦੋਂ ਜ਼ਰੂਰੀ ਹੋਵੇਗਾ, ਮੈਂ ਉਨ੍ਹਾਂ ਤੱਥਾਂ ਨੂੰ ਸਾਹਮਣੇ ਲਿਆਵਾਂਗਾ।’’
ਉਨ੍ਹਾਂ ਕਿਹਾ ਕਿ ਬਲੋਚਿਸਤਾਨ ਦੇ ਲਾਸਬੇਲਾ ਇਲਾਕੇ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਮਰਨ ਵਾਲੇ ਕੋਇਟਾ ਕੋਰ ਕਮਾਂਡਰ ਸਣੇ ਹੋਰ ਅਧਿਕਾਰੀਆਂ ਦਾ ਮਜ਼ਾਕ ਉਡਾਇਆ ਗਿਆ। ਮਾਰਚ ਵਿੱਚ ‘ਕਾਫੀ ਦਬਾਅ’ ਸੀ ਪਰ ਸੰਸਥਾ ਅਤੇ ਫ਼ੌਜ ਮੁਖੀ ਜਨਰਲ ਬਾਜਵਾ ਨੇ ਫੌਜ ਨੂੰ ਉਸ ਦੀ ਸੰਵਿਧਾਨਕ ਭੂਮਿਕਾ ਤੱਕ ਸੀਮਿਤ ਰੱਖਣ ਦਾ ਫੈਸਲਾ ਲਿਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਮ ਲਏ ਬਿਨਾਂ ਆਈਐੱਸਆਈ ਮੁਖੀ ਨੇ ਕਿਹਾ, ‘‘ਮਾਰਚ ਵਿੱਚ ਜਨਰਲ ਬਾਜਵਾ ਨੂੰ ਉਨ੍ਹਾਂ ਦੇ ਕਾਰਜਕਾਲ ਵਿੱਚ ਅਣਮਿੱਥੇ ਸਮੇਂ ਦਾ ਵਾਧਾ ਕਰਨ ਵਰਗੀ ‘ਮੁਨਾਫੇ ਵਾਲੀ ਪੇਸ਼ਕਸ਼’ ਕੀਤੀ ਗਈ ਸੀ। ਇਹ ਮੇਰੇ ਸਾਹਮਣੇ ਕੀਤੀ ਗਈ ਸੀ ਪਰ ਉਨ੍ਹਾਂ (ਜਨਰਲ ਬਾਜਵਾ) ਨੇ ਇਸ ਪੇਸ਼ਕਸ਼ ਨੂੰ ਨਾਮਨਜ਼ੂਰ ਕਰ ਦਿੱਤਾ ਕਿਉਂਕਿ ਉਹ ਚਾਹੁੰਦੇ ਸਨ ਕਿ ਸੰਸਥਾ ਇਕ ਵਿਵਾਦਤ ਭੂਮਿਕਾ ਤੋਂ ਸੰਵਿਧਾਨਕ ਭੂਮਿਕਾ ਵੱਲ ਵਧੇ।’’ -ਪੀਟੀਆਈ
[ad_2]
- Previous ਲਾਭ ਵਾਲਾ ਅਹੁਦਾ: ਝਾਰਖੰਡ ਦੇ ਰਾਜਪਾਲ ਨੇ ਮੁੜ ਰਾਏ ਮੰਗੀ
- Next ਕੇਜਰੀਵਾਲ ਤੇ ਭਗਵੰਤ ਮਾਨ ਮੁੜ ਗੁਜਰਾਤ ਦੇ ਤਿੰਨ ਦਿਨ ਦੇ ਦੌਰੇ ’ਤੇ, ਗਹਿਲੋਤ ਵੀ ਪੁੱਜੇ
0 thoughts on “‘ਜਨਰਲ ਕਮਰ ਜਾਵੇਦ ਬਾਜਵਾ ਨੂੰ ਕੀਤੀ ਗਈ ਸੀ ਮੁਨਾਫੇ ਵਾਲੀ ਪੇਸ਼ਕਸ਼’”